ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਹੀਦੀ ਸ਼ਤਾਬਦੀ ਲਈ ਸਖ਼ਤ ਸੁਰੱਖਿਆ ਪ੍ਰਬੰਧ

10 ਹਜ਼ਾਰ ਪੁਲੀਸ ਜਵਾਨ, ਸੀ ਸੀ ਟੀ ਵੀ ਕੈਮਰੇ ਤੇ ਡਰੋਨ ਸ੍ਰੀ ਆਨੰਦਪੁਰ ਸਾਹਿਬ ’ਤੇ ਰੱਖਣਗੇ ਅੱਖ
ਮੀਡੀਆ ਨੂੰ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ।
Advertisement

ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸ਼ਾਂਤਮਈ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਪੈਸ਼ਲ ਡੀ ਜੀ ਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਅੱਜ ਇਥੇ ਵਿਰਾਸਤ-ਏ-ਖਾਲਸਾ ਦੇ ਮੀਟਿੰਗ ਰੂਮ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ 50 ਲੱਖ ਸੰਗਤਾਂ ਦੇ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਰੀਬ 10 ਹਜ਼ਾਰ ਪੁਲੀਸ ਜਵਾਨ ਸਮਾਗਮਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਜਾਣਗੇ। ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਲਈ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, 7 ਆਈਜੀ/ਡੀਆਈਜੀ, 22 ਕਮਾਂਡੈਂਟ, 45 ਐੱਸਪੀ ਅਤੇ 94 ਡੀਐੱਸਪੀ ਪੱਧਰ ਦੇ ਅਧਿਕਾਰੀ ਡਿਊਟੀ ’ਤੇ ਰਹਿਣਗੇ।

ਵਿਸ਼ੇਸ਼ ਡੀ ਜੀ ਪੀ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਅਧੁਨਿਕ ਤਕਨਾਲੋਜੀ ਦੀ ਪੂਰੀ ਵਰਤੋਂ ਕੀਤੀ ਜਾ ਰਹੀ ਹੈ। ਹਾਈ-ਟੈੱਕ ਕੰਟਰੋਲ ਰੂਮ ਸਥਾਪਤ ਕੀਤਾ ਜਾ ਰਿਹਾ ਹੈ, ਜਿਥੇ 300 ਤੋਂ ਵੱਧ ਏ ਆਈ ਸੰਚਾਲਿਤ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੂੰ 24 ਘੰਟੇ ਵਾਚਿਆ ਜਾਵੇਗਾ ਤੇ ਹਰ ਜਗ੍ਹਾ ’ਤੇ ਧਿਆਨ ਰੱਖਿਆ ਜਾਵੇਗਾ।

Advertisement

ਇਸ ਤੋਂ ਇਲਾਵਾ 7 ਡਰੋਨ ਟੀਮਾਂ ਲਗਾਤਾਰ ਹਵਾਈ ਨਿਗਰਾਨੀ ਕਰਦੀਆਂ ਰਹਿਣਗੀਆਂ। ਟ੍ਰੈਫਿਕ ਤੇ ਪਾਰਕਿੰਗ ਪ੍ਰਬੰਧਾਂ ਲਈ ਜ਼ਿਲ੍ਹਾ ਪੁਲੀਸ ਵੱਲੋਂ ਆਈ ਆਈ ਟੀ ਰੂਪਨਗਰ ਦੇ ਸਹਿਯੋਗ ਨਾਲ ਮੋਬਾਈਲ ਐਪ ਬਣਾਈ ਜਾ ਰਹੀ ਹੈ ਤੇ ਇਸ ਐਪ ਰਾਹੀਂ ਪਾਰਕਿੰਗ ਸਥਾਨ, ਬਦਲਵੇਂ ਰੂਟਾਂ ਸਮੇਤ ਹਰ ਜਾਣਕਾਰੀ ਸ਼ਰਧਾਲੂਆਂ ਲਈ ਦਿੱਤੀ ਜਾਵੇਗੀ। ਸਮਾਗਮਾਂ ਵਿੱਚ ਸ਼ਿਰਕਤ ਕਰਨ ਵਾਲੇ ਵੀ ਵੀ ਆਈ ਪੀਜ਼ ਦੀ ਆਵਾਜਾਈ ਸੁਚਾਰੂ ਬਣਾਉਣ ਲਈ 8 ਹੈਲੀਪੈਡ ਵੀ ਤਿਆਰ ਕੀਤੇ ਜਾ ਰਹੇ ਹਨ। ਇਸ ਮੌਕੇ ਸਪੈਸ਼ਲ ਡੀ ਜੀ ਪੀ ਸੁਰੱਖਿਆ ਸੁਦਾਸ਼ੂ ਐੱਸ ਸ੍ਰੀਵਾਸਤਵਾ, ਏ ਡੀ ਜੀ ਪੀ ਕਾਨੂੰਨ ਤੇ ਵਿਵਸਥਾ ਐੱਸ ਪੀ ਐੱਸ ਪਰਮਾਰ, ਰੂਪਨਗਰ ਦੇ ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਨਾ ਸਮੇਤ ਵੱਡੀ ਗਿਣਤੀ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ।

Advertisement
Show comments