ਸੰਘਣੀ ਧੁੰਦ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ
ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਬੋਪਾਰਾਏ ਕਲਾਂ ਸੰਪਰਕ ਸੜਕ ਦੇ ਮੋੜ ’ਤੇ ਸੜਕ ਹਾਦਸੇ ਵਿੱਚ ਲੰਘੀ ਸ਼ਾਮ ਟਰੈਕਟਰ-ਟਰਾਲੀ ਨਾਲ ਟੱਕਰ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜ਼ਬਰਦਸਤ ਹਾਦਸੇ ਵਿੱਚ ਪਰਵਿੰਦਰ ਸਿੰਘ, ਮਲਕੀਤ ਸਿੰਘ ਅਤੇ ਆਕਾਸ਼ਦੀਪ ਤਿੰਨੋਂ ਵਾਸੀ ਪਿੰਡ ਗਹਿਲ, ਜ਼ਿਲ੍ਹਾ ਬਰਨਾਲਾ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਉਮਰ 20 ਤੋਂ 21 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਦੇਰ ਰਾਤ ਹਨੇਰੇ ਅਤੇ ਸੰਘਣੀ ਧੁੰਦ ਕਾਰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਅੱਗੇ ਜਾ ਰਹੀ ਟਰੈਕਟਰ-ਟਰਾਲੀ ਦਿਖਾਈ ਨਹੀਂ ਦਿੱਤੀ, ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਸਿੱਧਾ ਟਰਾਲੀ ਨਾਲ ਟਕਰਾ ਗਿਆ।
ਹਾਦਸੇ ਤੋਂ ਬਾਅਦ ਗੰਭੀਰ ਜ਼ਖ਼ਮੀ ਦੋ ਨੌਜਵਾਨਾਂ ਨੂੰ ਤੁਰੰਤ ਸਰਕਾਰੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸੁਧਾਰ ਲਿਜਾਇਆ ਗਿਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਐਤਵਾਰ ਸਵੇਰੇ ਇਲਾਜ ਦੌਰਾਨ ਦੋਵੇਂ ਜ਼ਖ਼ਮੀਆਂ ਨੇ ਦਮ ਤੋੜ ਦਿੱਤਾ। ਪਰਵਿੰਦਰ ਸਿੰਘ ਦੀ ਲਾਸ਼ ਘਟਨਾ ਵਾਲੀ ਥਾਂ ਦੇ ਨੇੜੇ ਖੇਤਾਂ ਵਿੱਚ ਪਈ ਮਿਲੀ ਸੀ। ਪਰਵਿੰਦਰ ਸਿੰਘ ਕੋਲੋਂ ਮਿਲੇ ਆਧਾਰ ਕਾਰਡ ਤੋਂ ਮ੍ਰਿਤਕਾਂ ਦੀ ਪਹਿਚਾਣ ਸੰਭਵ ਹੋਈ, ਜਿਸ ਤੋਂ ਬਾਅਦ ਸੁਧਾਰ ਪੁਲੀਸ ਨੇ ਬਰਨਾਲਾ ਪੁਲੀਸ ਨੂੰ ਘਟਨਾ ਦੀ ਸੂਚਨਾ ਦਿੱਤੀ। ਥਾਣਾ ਸੁਧਾਰ ਦੇ ਮੁਖੀ ਗੁਰਦੀਪ ਸਿੰਘ ਅਨੁਸਾਰ ਖੰਡੂਰ ਪਿੰਡ ਦੇ ਟਰੈਕਟਰ ਚਾਲਕ ਸਤਨਾਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣੇਦਾਰ ਗੁਰਨਾਮ ਸਿੰਘ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਵਿੱਚ ਭੇਜ ਦਿੱਤੀਆਂ ਗਈਆਂ ਹਨ।
ਤਿੰਨ ਨੌਜਵਾਨਾਂ ਦੀ ਮੌਤ ਨਾਲ ਪਿੰਡ ਗਹਿਲ ਵਿੱਚ ਸੋਗ ਦੀ ਲਹਿਰ
ਹਲਕੇ ਦੇ ਪਿੰਡ ਗਹਿਲ ਵਿਚ ਤਿੰਨ ਨੌਜਵਾਨਾਂ ਦੀ ਹੋਈ ਮੌਤ ਕਾਰਨ ਸੋਗ ਦੀ ਲਹਿਰ ਹੈ। ਪਿੰਡ ਦੇ ਤਿੰਨ ਨੌਜਵਾਨਾਂ ਦੀ ਅੱਜ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਆਸ਼ਸਦੀਪ ਸਿੰਘ (26) ਪੁੱਤਰ ਬਲਜਿੰਦਰ ਸਿੰਘ, ਪਰਵਿੰਦਰ ਸਿੰਘ (19) ਪੁੱਤਰ ਸਰਬੀ ਸਿੰਘ ਅਤੇ ਅੰਮ੍ਰਿਤਪਾਲ ਸਿੰਘ (23) ਪੁੱਤਰ ਬੱਗਾ ਸਿੰਘ ਵਾਸੀ ਗਹਿਲ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ, ਤਿੰਨੇ ਨੌਜਵਾਨ ਸ਼ਨਿਚਰਵਾਰ ਨੂੰ ਪਰਵਿੰਦਰ ਦੀ ਰਿਸ਼ਤੇਦਾਰੀ ਵਿੱਚ ਮੁੱਲਾਂਪੁਰ ਵਿਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ। ਸਮਾਗਮ ਤੋਂ ਬਾਅਦ ਉਹ ਦੇਰ ਸ਼ਾਮ ਮੋਟਰਸਾਈਕਲ ’ਤੇ ਵਾਪਸ ਪਿੰਡ ਗਹਿਲ ਪਰਤ ਰਹੇ ਸਨ, ਜਿੱਥੇ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
