ਪਿੰਡ ਗੜ੍ਹਪਧਾਣਾ ਵਿੱਚ ਅੱਜ ਤਿੰਨ ਨੌਜਵਾਨਾਂ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਾਰਨ ਨੌਜਵਾਨ ਦੀ ਮੌਤ ਹੋ ਗਈ, ਦੂਜੇ ਦੀ ਹਾਲਤ ਹਾਲਤ ਗੰਭੀਰ ਹੈ, ਜਦੋਂ ਕਿ ਤੀਜਾ ਖ਼ਤਰੇ ਤੋਂ ਬਾਹਰ ਹੈ।
ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਜੋਂ ਹੋਈ ਹੈ। ਪਿੰਡ ਦੇ ਸਰਪੰਚ ਹਰਦੀਪ ਸਿੰਘ, ਬਲਬੀਰ ਸਿੰਘ ਥਾਂਦੀ ਤੇ ਜੁਝਾਰ ਸਿੰਘ ਸਣੇ ਹੋਰਾਂ ਨੇ ਦੱਸਿਆ ਕਿ ਨੌਜਵਾਨ ਦਿਲਪ੍ਰੀਤ ਨੂੰ ਔਨਲਾਈਨ ਕਾਰੋਬਾਰ ਸਮੇਂ ਲੱਖਾਂ ਰੁਪਏ ਦਾ ਘਾਟਾ ਪੈ ਗਿਆ ਸੀ। ਦਿਲਪ੍ਰੀਤ ਨੇ ਦੋ ਦੋਸਤਾਂ ਪਰਮਜੀਤ ਸਿੰਘ ਅਤੇ ਮਨਿੰਦਰ ਸਿੰਘ ਨੂੰ ਆਪਣੇ ਬੰਦ ਘਰ ਵਿੱਚ ਸੱਦ ਕੇ ਦੱਸਿਆ ਕਿ ਕਾਰੋਬਾਰ ’ਚ ਘਾਟਾ ਪੈਣ ਕਾਰਨ ਉਸ ਨੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ ਹਨ। ਇਸ ਤੋਂ ਬਾਅਦ ਉਸ ਨਾਲ ਦੋਸਤੀ ਨਿਭਾਉਂਦਿਆਂ ਉਨ੍ਹਾਂ ਦੋਵਾਂ ਨੇ ਵੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਇਨ੍ਹਾਂ ’ਚੋਂ ਇੱਕ ਨੇ ਵੀਡੀਓ ਕਾਲ ਰਾਹੀਂ ਆਪਣੇ ਜਾਣਕਾਰ ਨੂੰ ਸਲਫ਼ਾਸ ਖਾਣ ਦੀ ਸੂਚਨਾ ਦਿੱਤੀ। ਇਸ ਮਗਰੋਂ ਪਿੰਡ ਵਾਸੀਆਂ ਨੇ ਤੁਰੰਤ ਕੰਧ ਟੱਪ ਕੇ ਨੌਜਵਾਨਾਂ ਨੂੰ ਨਵਾਂ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਨੌਜਵਾਨ ਪਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਦਿਲਪ੍ਰੀਤ ਸਿੰਘ ਹਸਪਤਾਲ ਵਿੱਚ ਮੌਤ ਨਾਲ ਜੰਗ ਲੜ ਰਿਹਾ ਹੈ ਅਤੇ ਤੀਜਾ ਨੌਜਵਾਨ ਮਨਿੰਦਰ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਥਾਣਾ ਔੜ ਦੇ ਐੱਸ ਐੱਚ ਓ ਸਤਨਾਮ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਮਜੀਤ ਸਿੰਘ ਕੀਰਤਨੀ ਜਥੇ ਨਾਲ ਸੇਵਾ ਨਿਭਾਅ ਰਿਹਾ ਸੀ।

