ਕਰਮਜੀਤ ਸਿੰਘ ਚਿੱਲਾ
ਬਨੂੜ, 17 ਅਕਤੂਬਰ
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਪੈਂਦੇ ਆਲਮਪੁਰ ਟੀ-ਪੁਆਇੰਟ ਨੇੜਲੇ ਗੰਦੇ ਨਾਲੇ ਕੋਲ ਅੱਜ ਤੜਕੇ ਲਗਪਗ ਚਾਰ ਵਜੇ ਵਾਪਰੇ ਸੜਕ ਹਾਦਸੇ ਵਿੱਚ ਚਿਤਕਾਰਾ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਇਹ ਚਾਰੋਂ ਵਿਦਿਆਰਥੀ ਬੀ.ਫਾਰਮੇਸੀ ਦੇ ਵਿਦਿਆਰਥੀ ਸਨ।
ਮ੍ਰਿਤਕਾਂ ਦੀ ਸ਼ਨਾਖ਼ਤ ਯਸ਼ ਮਿੱਤਲ ਪੁੱਤਰ ਅਸ਼ੀਸ਼ ਮਿੱਤਲ, ਵਾਸੀ ਸੈਕਟਰ 23 ਸੀ ਚੰਡੀਗੜ੍ਹ, ਆਕਰਸ਼ਤ ਗੋਇਲ ਪੁੱਤਰ ਮਰਹੂਮ ਤਰਲੋਕ ਚੰਦ, ਵਾਸੀ ਸੁਭਾਸ਼ ਨਗਰ, ਮਨੀਮਾਜਰਾ (ਯੂਟੀ) ਅਤੇ ਇਸ਼ਾਨ ਕਾਲੜਾ ਪੁੱਤਰ ਸੰਜੇ ਕਾਲੜਾ ਸੈਕਟਰ 20-ਸੀ ਪੰਚਕੂਲਾ ਵਜੋਂ ਹੋਈ ਹੈ। ਗੰਭੀਰ ਜ਼ਖ਼ਮੀ ਵਿਦਿਆਰਥੀ ਹੁਨਰਪਾਲ ਪੁੱਤਰ ਸਿਧਾਰਥ ਪਾਲ ਚੰਡੀਗੜ੍ਹ ਦੇ ਸੈਕਟਰ 46 ਸੀ ਦਾ ਵਸਨੀਕ ਹੈ ਤੇ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਮੁਤਾਬਕ ਇਹ ਚਾਰੋਂ ਦੋਸਤ ਆਈ-20 ਕਾਰ ਵਿੱਚ ਸ਼ਨਿਚਰਵਾਰ ਨੂੰ ਆਪਣੇ ਦੋਸਤਾਂ ਕੋਲ ਪਟਿਆਲਾ ਗਏ ਸਨ, ਜਿੱਥੋਂ ਉਹ ਅੱਜ ਤੜਕੇ ਪਰਤ ਰਹੇ ਸਨ ਕਿ ਉਨ੍ਹਾਂ ਦੀ ਕਾਰ ਆਲਮਪੁਰ ਟੀ-ਪੁਆਇੰਟ ਨੇੜੇ ਖੜ੍ਹੇ ਕੰਟੇਨਰ ਨਾਲ ਟਕਰਾ ਗਈ। ਜ਼ੋਰਦਾਰ ਟੱਕਰ ਹੋਣ ਕਾਰਨ ਚਾਰੋਂ ਨੌਜਵਾਨ ਕਾਰ ਵਿੱਚ ਫਸ ਗਏ, ਜਿਨ੍ਹਾਂ ਨੂੰ ਰਾਹਗੀਰਾਂ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬਾਹਰ ਕੱਢਣ ਮਗਰੋਂ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਤਿੰਨ ਨੌਜਵਾਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਹੁਨਰਪਾਲ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿਖੇ ਭੇਜ ਦਿੱਤਾ। ਪੁਲੀਸ ਚੌਕੀ ਜਨਸੂਆ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਯਸ਼ ਮਿੱਤਲ ਦੇ ਪਿਤਾ ਅਸ਼ੀਸ਼ ਮਿੱਤਲ ਦੇ ਬਿਆਨਾਂ ’ਤੇ ਕੰਟੇਨਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇ ਪਿਤਾ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਕੰਟੇਨਰ ਬਿਨਾਂ ਲਾਈਟਾਂ ਤੋਂ ਹਨੇਰੇ ਵਿੱਚ ਸੜਕ ਕਿਨਾਰੇ ਖੜ੍ਹਾ ਸੀ।
ਪੰਚਕੂਲਾ ਵਾਸੀ ਸਨ ਤਿੰਨੋਂ ਮ੍ਰਿਤਕ ਨੌਜਵਾਨ
ਪੰਚਕੂਲਾ (ਪੀ.ਪੀ. ਵਰਮਾ): ਰਾਜਪੁਰਾ: ਬਨੂੜ-ਰਾਜਪੁਰਾ ਮਾਰਗ ’ਤੇ ਹਾਦਸੇ ’ਚ ਮਾਰੇ ਗਏ ਤਿੰਨੋਂ ਵਿਦਿਆਰਥੀ ਇਕਾਂਤ ਕਾਲੜਾ, ਅਕਰਸ਼ਤ ਗੋਇਲ ਅਤੇ ਯਸ਼ ਮਿੱਤਲ ਪੰਚਕੂਲਾ ਦੇ ਰਹਿਣ ਵਾਲੇ ਸਨ। ਅਕਰਸ਼ਤ ਗੋਇਲ ਮਕਾਨ ਨੰਬਰ 586, ਅਤੇ ਯਸ਼ ਮਿੱਤਲ ਮਕਾਨ ਨੰਬਰ -193 ਦੋਵੇਂ ਸੈਕਟਰ-9 ਪੰਚਕੂਲਾ ਦੇ ਰਹਿਣ ਵਾਲੇ ਸਨ ਜਦਕਿ ਇਕਾਂਤ ਕਾਲੜਾ ਸੈਕਟਰ-20 ਦਾ ਵਾਸੀ ਸੀ। ਤਿੰਨਾਂ ਨੌਜਵਾਨਾਂ ਦੀ ਮੌਤ ਮਗਰੋਂ ਉਨ੍ਹਾਂ ਦੇ ਪੰਚਕੂਲਾ ਸਥਿਤ ਘਰਾਂ ਵਿੱਚ ਸੋਗ ਦੀ ਲਹਿਰ ਸੀ। ਅਕਰਸ਼ਿਤ ਗੋਇਲ ਬੀਟੈਕ ਫਾਈਨਲ ਜਦਕਿ ਯਸ਼ ਮਿੱਤਲ ਫਾਰਮੈਸੀ ਭਾਗ ਪਹਿਲਾ ਦਾ ਵਿਦਿਆਰਥੀ ਸੀ।