ਹਰਜੀਤ ਸਿੰਘ
ਜ਼ੀਰਕਪੁਰ, 18 ਨਵੰਬਰ
ਪੁਲੀਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੋਹ ਦੇ ਪਹਿਲਾਂ ਫੜੇ ਦੋ ਮੈਂਬਰਾਂ ਨੂੰ ਹਥਿਆਰ ਅਤੇ ਰਸਦ ਮੁਹੱਈਆ ਕਰਵਾਉਣ ਵਾਲੇ ਤਿੰਨ ਗੈਂਗਸਟਰ ਕਾਬੂ ਕੀਤੇ ਹਨ। ਇਸ ਗਰੋਹ ਦੇ ਹੁਣ ਤੱਕ ਪੰਜ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਤਿੰਨੋਂ ਗੈਂਗਸਟਰਾਂ ਦੀ ਪਛਾਣ ਅਭਿਸ਼ੇਕ ਰਾਣਾ ਵਾਸੀ ਸਹਾਰਨਪੁਰ, ਅੰਕਿਤ ਕੁਮਾਰ ਵਾਸੀ ਮੁਹਾਲੀ ਤੇ ਪ੍ਰਵੀਨ ਕੁਮਾਰ ਵਾਸੀ ਲਾਲੜੂ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੁੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਮੁਹਾਲੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਡੀਐੱਸਪੀ ਜ਼ੀਰਕਪੁਰ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਜ਼ੀਰਕਪੁਰ ਮੁਖੀ ਇੰਸਪੈਕਟਰ ਸਿਮਰਨਜੀਤ ਸਿੰਘ ਸ਼ੇਰਗਿੱਲ ਨੇ 6 ਨਵੰਬਰ ਨੂੰ ਵੀਆਈਪੀ ਰੋਡ ’ਤੇ ਪੁਲੀਸ ਮੁਕਾਬਲੇ ਦੌਰਾਨ ਗੈਂਗਸਟਰ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਦਾ ਸਾਥੀ ਗੁਰਪਾਲ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਪੁਲੀਸ ਨੇ 16 ਨਵੰਬਰ ਨੂੰ ਯੂਪੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਦੋਵਾਂ ਗੈਂਗਸਟਰਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਹੁਣ ਤਿੰਨੇ ਗੈਂਗਸਟਰਾਂ ਨੂੰ ਵੱਖ-ਵੱਖ ਥਾਵਾਂ ਤੋਂ ਤਿੰਨ ਪਿਸਤੌਲਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਡਾ. ਗਰਗ ਨੇ ਦੱਸਿਆ ਕਿ ਗੈਂਗਸਟਰ ਅਭਿਸ਼ੇਕ ਰਾਣਾ ਨੇ ਵੀ.ਆਈ.ਪੀ. ਰੋਡ ’ਤੇ ਪੁਲੀਸ ਮੁਕਾਬਲੇ ਦੌਰਾਨ ਫ਼ਰਾਰ ਹੋਏ ਸ਼ੂਟਰ ਗੁਰਪਾਲ ਸਿੰਘ ਨੂੰ ਯੂਪੀ ਦੇ ਰਣਖੰਡੀ ਪਿੰਡ ਵਿੱਚ ਗੈਂਗਸਟਰ ਸਾਬਾ ਅਮਰੀਕਾ ਦੇ ਇਸ਼ਾਰੇ ’ਤੇ ਲੁਕਣ ਲਈ ਥਾਂ ਮੁਹੱਈਆ ਕਰਵਾਈ ਸੀ। ਇਸੇ ਤਰ੍ਹਾਂ ਗੈਂਗਸਟਰ ਅੰਕਿਤ ਕੁਮਾਰ ਨੇ ਲੰਘੇ ਅੱਠ ਮਹੀਨੇ ਵਿੱਚ ਹਥਿਆਰਾਂ ਦੀ ਦੋ ਵੱਡੀਆਂ ਖੇਪਾਂ ਖਰੀਦਿਆਂ ਸਨ ਜਿਸ ’ਚੋਂ ਪਹਿਲੀ ਖੇਪ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ਾਮਲ ਭਗੌੜੇ ਗੈਂਗਸਟਰ ਜੋਗਾ ਨੂੰ ਸੌਂਪੀ ਸੀ।
ਲਾਰੈਂਸ ਗਰੋਹ ਦੇ ਦੋ ਸ਼ੂਟਰ ਕਾਬੂ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਅੰਬਾਲਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਦੀਪਕ ਉਰਫ਼ ਦੀਪੀ ਅਤੇ ਅਮਨ ਦੋਵੇਂ ਵਾਸੀ ਪਿੰਡ ਕਾਲਰਮ ਵਜੋਂ ਹੋਈ ਹੈ। ਪੁਲੀਸ ਅਨੁਸਾਰ ਦੋਹਾਂ ਨੇ 9 ਨਵੰਬਰ ਨੂੰ ਕੁਰੂਕਸ਼ੇਤਰ ਦੇ ਸੈਕਟਰ-3 ਵਿਚ ਇਕ ਇਮੀਗ੍ਰੇਸ਼ਨ ਏਜੰਟ ’ਤੇ ਗੋਲੀਆਂ ਚਲਾਈਆਂ ਸਨ ਅਤੇ ਲਾਰੈਂਸ ਦੇ ਭਰਾ ਅਨਮੋਲ ਨੇ ਇਸ ਕੰਮ ਲਈ ਮੁਲਜ਼ਮਾਂ ਨੂੰ 5 ਲੱਖ ਰੁਪਏ ਦੇਣ ਦੀ ਗੱਲ ਆਖੀ ਸੀ।