ਇੱਥੋਂ ਨੇੜਲੇ ਪਿੰਡ ਬੱਸੀਆਂ ਵਿੱਚ ਲੰਘੀ ਰਾਤ ਛੱਪੜ ’ਚ ਕਾਰ ਡਿੱਗਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਵਾਸੀ ਪਿੰਡ ਘੱਗਾ, ਬਲਕਾਰ ਸਿੰਘ ਅਤੇ ਵਿਸ਼ਾਲ ਦੋਵੇਂ ਵਾਸੀ ਦਿੜ੍ਹਬਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰਾਤ ਇਕ ਵਜੇ ਦੇ ਕਰੀਬ ਪੰਜ ਦੋਸਤ ਆਪਣੀ ਕਾਰ ਵਿੱਚ ਜਾ ਰਹੇ ਸਨ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਪਿੰਡ ਬੱਸੀਆਂ ਦੇ ਛੱਪੜ ਵਿੱਚ ਡਿੱਗ ਗਈ। ਛੱਪੜ ਦਾ ਪਾਣੀ ਕਾਰ ’ਚ ਭਰਨ ਕਾਰਨ ਤਿੰਨ ਜਣਿਆਂ ਦੀ ਮੌਕੇ ’ਤੇ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਆਮ ਆਦਮੀ ਪਾਰਟੀ ਦੇ ਆਗੂ ਸਨ। ਉਧਰ, ਜਦੋਂ ਪਿੰਡ ਵਾਸੀਆਂ ਨੂੰ ਹਾਦਸੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਕਾਰ ’ਚੋਂ ਪੰਜਾਂ ਨੂੰ ਬਾਹਰ ਕੱਢ ਲਿਆ। ਐਂਬੂਲੈਂਸ ਆਉਣ ਤੋਂ ਪਹਿਲਾਂ ਹੀ ਸੰਦੀਪ ਸਿੰਘ ਵਾਸੀ ਪਿੰਡ ਘੱਗਾ, ਬਲਕਾਰ ਸਿੰਘ ਅਤੇ ਵਿਸ਼ਾਲ ਦੋਵੇਂ ਵਾਸੀ ਦਿੜ੍ਹਬਾ ਨੇ ਦਮ ਤੋੜ ਦਿੱਤਾ, ਜਦੋਂ ਕਿ ਵਿਕਰਮਜੀਤ ਸਿੰਘ ਵਾਸੀ ਬੁਢਲਾਡਾ ਅਤੇ ਪੁਨੀਤ ਵਾਸੀ ਪਾਤੜਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਨੁਸਾਰ ਲਾਸ਼ਾਂ ਨੂੰ ਪੋਸਟਮਾਰਟਮ ਲਈ ਜਗਰਾਉਂ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਧਾਰਾ 174 ਤਹਿਤ ਕਾਰਵਾਈ ਕਰਦਿਆਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਦੀ ਸੂਚਨਾ ਮਿਲਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ ਐੱਸ ਡੀ ਤਪਿੰਦਰ ਸਿੰਘ ਸੋਹੀ ਅਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਸਿਵਲ ਹਸਪਤਾਲ ਜਗਰਾਉਂ ਪੁੱਜੇ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ‘ਆਪ’ ਦੇ ਮੈਂਬਰ ਸਨ।

