ਹਜ਼ਾਰ ਏਕੜ ਜ਼ਮੀਨ ਨੂੰ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ
ਜਲ ਸਰੋਤ ਮੰਤਰੀ ਨੇ ਨੌਂ ਪਿੰਡਾਂ ਲਈ ਕਰੋੜਾਂ ਰੁਪਏ ਦੇ ਸਿੰਜਾਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ
ਪੰਜਾਬ ਦੇ ਜਲ ਸਰੋਤ, ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਮਾਣਕਮਾਜਰਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੋਟਲਾ ਬ੍ਰਾਂਚ ਨਹਿਰ ਵਿੱਚੋਂ ਨਵਾਂ ਭਸੌੜ ਮਾਈਨਰ ਬਣਾਇਆ ਗਿਆ ਹੈ, ਜਿਸ ਨੂੰ ਕਰੀਬ 4.07 ਕਰੋੜ ਰੁਪਏ ਦੀ ਲਾਗਤ ਨਾਲ ਕੰਕਰੀਟ ਲਾਈਨਿੰਗ ਕਰਕੇ ਪੱਕਾ ਕੀਤਾ ਗਿਆ ਹੈ, ਜਿਸ ਨਾਲ ਜ਼ਿਲ੍ਹਾ ਮਾਲੇਰਕੋਟਲਾ ਅਤੇ ਸੰਗਰੂਰ ਦੇ 9 ਪਿੰਡਾਂ ਨੂੰ ਲਗਪਗ 50- 60 ਸਾਲਾਂ ਤੋਂ ਬਾਅਦ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਭਸੌੜ ਮਾਈਨਰ ਵਿੱਚੋਂ 1.73 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਦਰੋਗੇਵਾਲ ਅਤੇ ਮਾਣਕਮਾਜਰਾ ਲਈ 7,640 ਮੀਟਰ ਲੰਮੀ ਜ਼ਮੀਨਦੋਜ਼ ਪਾਈਪਲਾਈਨ ਵਿਛਾਈ ਜਾ ਰਹੀ ਹੈ। ਇਸ ਪ੍ਰਾਜੈਕਟ ਨਾਲ 1,006 ਏਕੜ ਖੇਤੀਯੋਗ ਰਕਬੇ ਨੂੰ ਸਿੰਜਾਈ ਲਈ ਪਹਿਲੀ ਵਾਰ ਨਹਿਰੀ ਪਾਣੀ ਮਿਲੇਗਾ। ਇਸੇ ਮਾਈਨਰ ਵਿੱਚੋਂ ਕਰੀਬ 1.03 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਰੁਸਤਮਗੜ੍ਹ, ਸੰਗਾਲੀ, ਸੰਗਾਲਾ ਅਤੇ ਭੈਣੀ ਕਲਾਂ ਲਈ 4,200 ਮੀਟਰ ਲੰਮੀ ਪਾਈਪਲਾਈਨ ਵਿਛਾਈ ਜਾ ਰਹੀ ਹੈ, ਜਿਸ ਨਾਲ ਕਰੀਬ 980 ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਦੇਸ਼ ਦੀ ਆਜ਼ਾਦੀ ਉਪਰੰਤ ਪਹਿਲੀ ਵਾਰ ਪ੍ਰਾਪਤ ਹੋਵੇਗੀ। ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਾਕਿਬ ਅਲੀ ਰਾਜਾ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਮਾਲੇਰਕੋਟਲਾ ਰਘਬੀਰ ਸਿੰਘ ਚੌਂਦਾ, ਚੇਅਰਮੈਨ ਮਾਰਕੀਟ ਕਮੇਟੀ ਅਮਰਗੜ੍ਹ ਹਰਪ੍ਰੀਤ ਸਿੰਘ ਨੰਗਲ, ਚੇਅਰਮੈਨ ਪੰਜਾਬ ਹੱਜ ਕਮੇਟੀ ਹਾਸ਼ਿਮ ਸੂਫ਼ੀ, ਆਮ ਆਦਮੀ ਪਾਰਟੀ ਆਗੂ ਕੇਵਲ ਸਿੰਘ ਜਾਗੋਵਾਲ, ਹਲਕਾ ਕੋਆਰਡੀਨੇਟਰ ਨਸ਼ਾ-ਮੁਕਤੀ ਯਾਤਰਾ ਗੁਰਪ੍ਰੀਤ ਸਿੰਘ ਬਨਭੌਰਾ (ਬਿੱਟੂ), ਸਰਪੰਚ ਨਰੇਸ਼ ਕੁਮਾਰ ਨਾਰੀਕੇ, ਸਹਾਇਕ ਕਮਿਸ਼ਨਰ ਮਨਦੀਪ ਕੌਰ, ਐਕਸੀਅਨ ਹਰਮਨਿੰਦਰ ਸਿੰਘ, ਐਕਸੀਅਨ ਸੰਗਰੂਰ ਅਤਿੰਦਰਪਾਲ ਸਿੰਘ ਸਿੱਧੂ, ਐਕਸੀਅਨ ਦਮਨਜੀਤ ਸਿੰਘ, ਰਾਜੀਵ, ਅਭਿਜੋਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀ ਮੌਜੂਦ ਸਨ।

