25 ਸਾਲ ਰਾਜ ਕਰਨ ਦਾ ਸੁਪਨਾ ਦੇਖਣ ਵਾਲਿਆਂ ਦਾ ਕੁਝ ਨਹੀਂ ਬਚਿਆ: CM ਭਗਵੰਤ ਮਾਨ
ਕਾਂਗਰਸ ਪੰਜਾਬ ਦੇ ਭਲੇ ਲਈ ਕਦੇ ਇੱਕਜੁਟ ਨਹੀਂ ਹੋ ਸਕਦੀ; ਪ੍ਰਧਾਨ ਬਣਨ ਦੀ ਲੜਾਈ ਲਈ ਇਕੱਠੇ ਹੋ ਜਾਂਦੇ ਹਨ- ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਗੋਇੰਦਵਾਲ ਸਾਹਿਬ ਵਿਖੇ ਹੋਏ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਖਡੂਰ ਸਾਹਿਬ ਹਲਕੇ ਦੀ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਮਾਗਮ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਵਿਧਾਇਕ ਸਰਵਨ ਸਿੰਘ ਧੁੰਨ, ਦਲਬੀਰ ਸਿੰਘ ਟੌਂਗ, ਜਗਜੀਵਨ ਜੋਤ ਕੌਰ ਅਤੇ ਯੂਥ ਆਗੂ ਨਿਰਮਲ ਸਿੰਘ ਢੋਟੀ ਸਰਪੰਚ ਹਾਜ਼ਰ ਸਨ।
ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਉੱਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲਿਆਂ ਦਾ ਹੁਣ ਕੁਝ ਨਹੀਂ ਬਚਿਆ। ਅਕਾਲੀ ਦਲ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ ਅਤੇ ਲੋਕਾਂ ਨੇ ਉਸ ਨੂੰ ਨਕਾਰ ਦਿੱਤਾ ਹੈ। ਕਾਂਗਰਸ ਉੱਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸੂਬੇ ਦੇ ਭਲੇ ਲਈ ਕਦੇ ਇਕੱਠੇ ਨਹੀਂ ਹੁੰਦੇ, ਸਗੋਂ ਪ੍ਰਧਾਨਗੀ ਦੀ ਲੜਾਈ ਲਈ ਇਕੱਠੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦਾ ਮਕਸਦ 'ਆਪ' ਸਰਕਾਰ ਨੂੰ ਲਾਂਭੇ ਕਰਨਾ ਹੈ, ਜੋ ਕਦੇ ਪੂਰਾ ਨਹੀਂ ਹੋਵੇਗਾ।
ਆਪਣੀਆਂ ਪ੍ਰਾਪਤੀਆਂ ਗਿਣਾਉਂਦਿਆਂ ਮਾਨ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਵੱਡੇ ਕੰਮ ਕੀਤੇ ਹਨ, ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਹੈ ਅਤੇ 1100 ਕਰੋੜ ਰੁਪਏ ਖ਼ਰਚ ਕੇ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖ਼ਰੀਦਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਕਦੇ ਬੰਦ ਨਹੀਂ ਹੋਵੇਗੀ ਅਤੇ ਅੱਜ ਇਸ ਦੇ ਦੂਜੇ ਪੜਾਅ ਤਹਿਤ ਲਾਭਪਾਤਰੀ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੇ ਪਾ ਦਿੱਤੇ ਗਏ ਹਨ।
ਹਲਕੇ ਦੀਆਂ ਮੰਗਾਂ ਫ਼ਾਈਲਾਂ ਤੱਕ ਸੀਮਤ
ਸਮਾਗਮ ਵਿੱਚ ਇਲਾਕਾ ਨਿਵਾਸੀਆਂ ਅਤੇ ਸਨਅਤਕਾਰਾਂ ਨੂੰ ਮੁੱਖ ਮੰਤਰੀ ਵੱਲੋਂ ਵੱਡੇ ਐਲਾਨਾਂ ਦੀ ਉਮੀਦ ਸੀ, ਪਰ ਅਜਿਹਾ ਕੁਝ ਨਾ ਹੋਣ ਕਾਰਨ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਅਤੇ ਹਰਪਿੰਦਰ ਸਿੰਘ ਗਿੱਲ ਨੇ ਰੋਸ ਪ੍ਰਗਟ ਕੀਤਾ। ਨੌਜਵਾਨਾਂ ਦੀ ਖੇਡ ਸਟੇਡੀਅਮ ਦੀ ਮੰਗ ਵੀ ਪੂਰੀ ਨਹੀਂ ਹੋ ਸਕੀ। ਹਾਲਾਂਕਿ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਹਲਕੇ ਦੀਆਂ ਮੁੱਖ ਮੰਗਾਂ ਦੀ ਫ਼ਾਈਲ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਗਈ ਹੈ, ਜਿਹੜੀ ਜਲਦੀ ਪ੍ਰਵਾਨ ਹੋ ਜਾਵੇਗੀ।

