ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਅੱਜ ਨਹੀਂ ਹੋਵੇਗਾ ਸਮਾਗਮ
ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਜੂਨ
ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਵਿੱਚ ਭਲਕੇ 29 ਜੂਨ ਨੂੰ ਉਨ੍ਹਾਂ ਦੀ ਬਰਸੀ ਮੌਕੇ ਸਰਕਾਰੀ ਪੱਧਰ ’ਤੇ ਕੋਈ ਸਮਾਗਮ ਨਹੀਂ ਹੋ ਰਿਹਾ। ਪਿੰਡ ਵਾਸੀ ਚਾਹੁੰਦੇ ਹਨ ਕਿ ਬਡਰੁੱਖਾਂ ’ਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਮੌਕੇ 13 ਨਵੰਬਰ ਨੂੰ ਹੀ ਹਰ ਸਾਲ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇ।
ਪਿੰਡ ਦੇ ਸਰਪੰਚ ਰਣਦੀਪ ਸਿੰਘ ਮਿੰਟੂ ਨੇ ਦੱਸਿਆ ਕਿ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਰੋਸਾ ਦਿੱਤਾ ਹੈ ਕਿ ਐਲਾਨੇ ਹੋਏ ਪ੍ਰਾਜੈਕਟਾਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ। ਸਰਪੰਚ ਨੇ ਮੰਗ ਕੀਤੀ ਹੈ ਕਿ ਬਡਰੁੱਖਾਂ ’ਚ ਬਰਸੀ ਸਮਾਗਮ ਦੀ ਬਜਾਏ 13 ਨਵੰਬਰ ਵਾਲੇ ਦਿਨ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਸ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਕੋਈ ਸਮਾਗਮ ਨਹੀਂ ਹੋ ਰਿਹਾ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸਮਾਗਮ ਅੱਜ
ਅੰਮ੍ਰਿਤਸਰ (ਟਨਸ): ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਇਸ ਸਾਲ ਭਾਰਤ ਤੋਂ ਪਾਕਿਸਤਾਨ ਸਿੱਖ ਜਥੇ ਨਾ ਜਾਣ ਦੇ ਮੱਦੇਨਜ਼ਰ ਮਹਾਰਾਜਾ ਰਣਜੀਤ ਸਿੰਘ ਦੇ ਅੰਮ੍ਰਿਤਸਰ ਸਥਿਤ ਰਾਮਬਾਗ਼ ਸਮਰ ਮਹਿਲ ਨੇੜੇ ਨਿਸ਼ਾਨ ਸਾਹਿਬ ਵਾਲੀ ਥਾਂ ’ਤੇ 29 ਜੂਨ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾਣਗੇ। ’ਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼ਮੂਲੀਅਤ ਕਰਨਗੇ।