ਆਂਗਣਵਾੜੀ ਕੇਂਦਰ ਵਿੱਚ ਚੋਰੀ; ਚੋਰਾਂ ਨੇ ਅਨਾਜ ਦੀਆਂ ਬੋਰੀਆਂ ਅਤੇ LCD ਉੱਤੇ ਕੀਤਾ ਹੱਥ ਸਾਫ਼
ਪੁਲੀਸ ਮੁਲਜ਼ਮਾਂ ਦੀ ਭਾਲ ਲਈ ਖੰਗਾਲ ਰਹੀ ਹੈ CCTV ਫੁਟੇਜ
ਮੋਗਾ ਜ਼ਿਲ੍ਹੇ ਦੇ ਧਰਮਕੋਟ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਫਿਰੋਜ਼ਵਾਲ ਮੰਗਲ ਸਿੰਘ ਦੇ ਆਂਗਣਵਾੜੀ ਕੇਂਦਰ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ਰਾਰਤੀ ਅਨਸਰ ਕੇਂਦਰ ਵਿੱਚੋਂ ਰਾਸ਼ਨ ਦਾ ਸਾਮਾਨ ਅਤੇ ਇਲੈਕਟ੍ਰਾਨਿਕ ਉਪਕਰਣ ਚੁੱਕ ਕੇ ਲੈ ਗਏ।
ਆਂਗਣਵਾੜੀ ਵਰਕਰ ਸਰਬਜੀਤ ਕੌਰ ਦੇ ਅਨੁਸਾਰ, ਚੋਰਾਂ ਨੇ ਕੇਂਦਰ ਵਿੱਚ ਰਜਿਸਟਰਡ ਬੱਚਿਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਪਈਆਂ ਕਣਕ ਅਤੇ ਚੌਲਾਂ ਦੀਆਂ ਕਈ ਬੋਰੀਆਂ ਚੋਰੀ ਕਰ ਲਈਆਂ ਅਤੇ ਇੱਕ ਐੱਲ ਸੀ ਡੀ ਸਕਰੀਨ ਵੀ ਉਤਾਰ ਕੇ ਲੈ ਗਏ। ਸ਼ਰਾਰਤੀ ਅਨਸਰਾਂ ਨੇ ਕੇਂਦਰ ਦੇ ਅੰਦਰ ਇੱਕ ਸਰਕਾਰੀ ਅਲਮਾਰੀ ਵਿੱਚ ਵੀ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ।
ਚੋਰੀ ਦੌਰਾਨ, ਮੁਲਜ਼ਮਾਂ ਨੇ ਕਥਿਤ ਤੌਰ 'ਤੇ ਦੀਵਾਰਾਂ ਤੋਂ ਬਿਜਲੀ ਦੇ ਸਵਿੱਚ ਬੋਰਡ ਪੁੱਟ ਦਿੱਤੇ, ਜਿਸ ਨਾਲ ਬਿਜਲੀ ਦੀ ਵਾਇਰਿੰਗ ਨੂੰ ਨੁਕਸਾਨ ਪਹੁੰਚਿਆ।
ਇਸ ਮਾਮਲੇ ਦੀ ਸੂਚਨਾ ਤੁਰੰਤ ਸਥਾਨਕ ਪੁਲੀਸ ਨੂੰ ਦਿੱਤੀ ਗਈ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।

