ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਨਵੰਬਰ
ਸੰਯੁਕਤ ਕਿਸਾਨ ਮੋਰਚੇ (ਗ਼ੈਰ-ਰਾਜਨੀਤਕ) ਵੱਲੋਂ ਪੰਜਾਬ ਸਰਕਾਰ ‘ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਸੂਬੇ ਦੀਆਂ ਛੇ ਮੁੱਖ ਸੜਕਾਂ ‘ਤੇ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਅਤੇ ਧਰਨਿਆਂ ਵਿੱਚ ਸ਼ਾਮਲ ਬੀਬੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਕੀਤਾ ਗਿਆ ਚੱਕਾ ਜਾਮ ਦਿਨ ਭਰ ਜਾਰੀ ਰਿਹਾ ਅਤੇ ਆਵਾਜਾਈ ਨੂੰ ਮੁਕੰਮਲ ਬੰਦ ਰੱਖਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੇਗੀ, ਉਦੋਂ ਤੱਕ ਇਹ ਮੋਰਚਾ ਜਾਰੀ ਰੱਖਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਆਗੂ ਜਗਜੀਤ ਸਿੰਘ ਡੱਗੇ ਨੇ ਅੰਮ੍ਰਿਤਸਰ, ਅਮਰਜੀਤ ਸਿੰਘ ਤੇ ਬਲਦੇਵ ਸਿੰਘ ਸਿਰਸਾ ਨੇ ਮੁਕੇਰੀਆਂ ਅਤੇ ਕਾਕਾ ਸਿੰਘ ਕੋਟੜਾ ਨੇ ਬਠਿੰਡਾ ‘ਚ ਕਿਸਾਨ ਮੋਰਚੇ ‘ਤੇ ਪਹੁੰਚ ਕੇ ਸੰਬੋਧਨ ਕੀਤਾ। ਸੰਯੁਕਤ ਕਿਸਾਨ ਮੋਰਚੇ (ਗ਼ੈਰ-ਰਾਜਨੀਤਕ) ਵੱਲੋਂ ਪਟਿਆਲਾ-ਚੰਡੀਗੜ੍ਹ ਸੜਕ ‘ਤੇ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ਾ, ਫ਼ਰੀਦਕੋਟ-ਟਹਿਣਾ ਟੀ-ਪੁਆਇੰਟ ਕੋਲ, ਅੰਮ੍ਰਿਤਸਰ ਵਿੱਚ ਭੰਡਾਰੀ ਪੁਲ ਦੇ ਨਜ਼ਦੀਕ, ਮਾਨਸਾ, ਮੁਕੇਰੀਆਂ ਅਤੇ ਤਲਵੰਡੀ ਸਾਬੋ ਵਿਚ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਤਲਵੰਡੀ ਸਾਬੋ ਦੇ ਧਰਨੇ ਵਿੱਚ ਵੱਡੀ ਗਿਣਤੀ ਬੀਬੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇ ਅਕਤੂਬਰ ਦੀ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਸਨ ਅਤੇ ਜਲਦ ਹੀ ਇਨ੍ਹਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਨੂੰ ਇਕ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਜਾਰੀ ਕਰਨ, ਕਿਸਾਨਾਂ ਖ਼ਿਲਾਫ਼ ਪਰਾਲੀ ਸਾੜਨ ਕਾਰਨ ਦਰਜ ਕੇਸ ਰੱਦ ਕਰਨ ਅਤੇ ਇਸ ਸਬੰਧੀ ਫਰਦ ਵਿੱਚ ਲਾਲ ਐਂਟਰੀ ਨਾ ਪਾਉਣ, ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਏਕੜ ਸਹਾਇਤਾ, ਗੰਨੇ ਦੀ ਕੀਮਤ ਵਿੱਚ ਵਾਧਾ ਕਰਨ, ਲੰਪੀ ਸਕਿਨ ਬਿਮਾਰੀ ਮਰਨ ਵਾਲੇ ਪਸ਼ੂਆਂ ਲਈ ਮੁਆਵਜ਼ਾ ਦੇਣ, ਕਿਸਾਨਾਂ ਨੂੰ ਮੂੰਗੀ ਦੀ ਐੱਮਐੱਸਪੀ ਤੋਂ ਘੱਟ ਕੀਮਤ ‘ਤੇ ਕੀਤੀ ਖ਼ਰੀਦ ਕਾਰਨ ਹੋਏ ਨੁਕਸਾਨ ਦੀ ਭਰਪਾਈ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਸਬੰਧੀ ਵੱਖ-ਵੱਖ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਹੈ। ਛੇ ਜ਼ਿਲ੍ਹਿਆਂ ਵਿੱਚ ਲੱਗੇ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰੇਗੀ, ਉਦੋਂ ਤੱਕ ਸੂਬੇ ਵਿੱਚ ਵੱਖ ਵੱਖ ਥਾਈਂ ਲਗਾਏ ਪੱਕੇ ਮੋਰਚੇ ਜਾਰੀ ਰੱਖੇ ਜਾਣਗੇ।