ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 18 ਸਤੰਬਰ
ਸੁਪਰੀਮ ਕੋਰਟ ਨੇ ਪਿੰਡ ਸੁਧਾਰ ਦੇ ਗੈਂਗਸਟਰ ਤਲਵਿੰਦਰ ਸਿੰਘ ਨਿੱਕੂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਅਹਿਸਾਨੂਦੀਨ ਅਮਾਨਉੱਲ੍ਹਾ ’ਤੇ ਆਧਾਰਤ ਦੋਹਰੇ ਬੈਂਚ ਨੇ ਇਹ ਫ਼ੈਸਲਾ ਸੁਣਾਇਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਜਸਜੀਤ ਸਿੰਘ ਬੇਦੀ ਵੱਲੋਂ ਅਪਰੈਲ ਵਿੱਚ ਤਲਵਿੰਦਰ ਸਿੰਘ ਨਿੱਕੂ ਦੀ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ ਉਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜ਼ਿਕਰਯੋਗ ਹੈ ਕਿ ਨਿੱਕੂ ਨੂੰ 1 ਮਾਰਚ 2022 ਨੂੰ ਪਟਿਆਲਾ ਵਿੱਚ ਹਥਿਆਰ ਦਿਖਾ ਕੇ ਬੈਂਕ ਮੈਨੇਜਰ ਦੀ ਕਾਰ ਲੁੱਟਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਪਟਿਆਲਾ ਪੁਲੀਸ ਨੇ ਪਿੰਡ ਸੁਧਾਰ ਦੇ ਰਹਿਣ ਵਾਲੇ ਨਿੱਕੂ ਨੂੰ 28 ਮਾਰਚ 2022 ਨੂੰ ਸਵਿਫ਼ਟ ਕਾਰ ਵਿੱਚ .32 ਬੋਰ ਦੇ 4 ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।