ਰਵੇਲ ਸਿੰਘ ਭਿੰਡਰ
ਪਟਿਆਲਾ, 8 ਮਈ
ਸੰਯੁਕਤ ਕਿਸਾਨ ਮੋਰਚੇ ਦੇ ਲੌਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੇ ਦਿੱਤੇ ਸੱਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ’ਚ ਹੁੰਗਾਰਾ ਨਹੀਂ ਮਿਲਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਵਤਾਰ ਸਿੰਘ ਕੌਰਜੀਵਾਲਾ ਤੇ ਦਵਿੰਦਰ ਸਿੰਘ ਪੂਨੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਿਸਾਨ ਤੇ ਕਿਸਾਨ ਸੁਆਣੀਆਂ ਭਾਵੇਂ ਸ਼ੇਰਾਂਵਾਲਾ ਗੇਟ ਵਿਚ ਇਕੱਤਰ ਹੋਣ ਮਗਰੋਂ ਅਨਾਰਦਾਨਾ ਚੌਕ ਤੱਕ ਪ੍ਰਦਰਸ਼ਨ ਕਰਦੇ ਹੋਏ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਪਰ ਹਾਲੇ ਤੱਕ ਦੁਕਾਨਦਾਰਾਂ ਨੇ ਕੋਈ ਹੁੰਗਾਰਾ ਨਹੀਂ ਭਰਿਆ। ਪ੍ਰਦਰਸ਼ਨਕਾਰੀ ਕਿਸਾਨ ਸੜਕਾਂ ਉਤੇ ਹਨ ਪਰ ਜਿੱਥੇ ਦੁਕਾਨਾਂ ਬੰਦ ਹਨ ਉਥੇ ਦੁਕਾਨਦਾਰ ਵੀ ਕਿਸਾਨਾਂ ਦੇ ਪ੍ਰਦਰਸ਼ਨ ’ਚੋਂ ਗਾਇਬ ਹੀ ਹਨ। ਦੁਕਾਨਦਾਰਾਂ ਵੱਲੋਂ ਸਰਕਾਰੀ ਹੁਕਮ ਦੀ ਪਾਲਣਾ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਹੋਈ ਹੈ ਤੇ ਖ਼ੁਫ਼ੀਆ ਤੰਤਰ ਕਿਸਾਨਾਂ ਅਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਿਹਾ ਹੈ।
ਸਾਬਕਾ ਅਧਿਆਪਕ ਆਗੂ ਦਵਿੰਦਰ ਸਿੰਘ ਪੂਨੀਆ ਦਾ ਕਹਿਣਾ ਹੈ ਕਿ ਦੁਕਾਨਦਾਰ ਕਰੋਨਾ ਤੋਂ ਡਰੇ ਹੋਏ ਹਨ। ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਵਪਾਰੀਆਂ ਦੇ ਵਫ਼ਦ ਵੱਲੋਂ ਸਵੇਰੇ ਕਿਸਾਨ ਪ੍ਰਦਰਸ਼ਨਕਾਰੀਆਂ ਦਾ ਸਿਰੋਪਾ ਪਾ ਕੇ ਸਵਾਗਤ ਵੀ ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਸਾਂਝਾ ਮੋਰਚੇ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਵੱਡੇ ਗੁੱਟ ਵੱਲੋਂ ਯੂਨੀਵਰਸਿਟੀ ਵਿਚਲੀਆਂ ਦੁਕਾਨਾਂ ਖੁੱਲ੍ਹਵਾਉਣ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਉੱਥੇ ਵੀ ਵਧੇਰੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਨ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ।