ਭਾਜਪਾ ਦੀ ਕੌਮੀ ਸੂਚੀ ’ਤੇ ਅਗਾਮੀ ਪੰਜਾਬ ਚੋਣਾਂ ਦਾ ਪਰਛਾਵਾਂ
ਮਨਪ੍ਰੀਤ ਸਿੰਘ ਬਾਦਲ, ਸੰਦੀਪ ਪਾਠਕ ਤੇ ਤਰੁਣ ਚੁੱਘ ਨੂੰ ਮਿਲੀ ਥਾਂ
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਅੱਜ ਅਹੁਦੇਦਾਰਾਂ ਦੀ ਐਲਾਨੀ ਨਵੀਂ ਸੂਚੀ ’ਤੇ ਅਗਾਮੀ ਪੰਜਾਬ ਚੋਣਾਂ ਦਾ ਪਰਛਾਵਾਂ ਵੀ ਪਿਆ ਹੈ। ਬੇਸ਼ੱਕ ਪੰਜਾਬ ਦੇ ਟਕਸਾਲੀ ਭਾਜਪਾ ਆਗੂਆਂ ਨੂੰ ਇਹ ਨਵੀਂ ਸੂਚੀ ਪੰਜਾਬ ਦੇ ਨਜ਼ਰੀਏ ਤੋਂ ਸਿਆਸੀ ਹੁੱਝ ਮਾਰਨ ਵਾਲੀ ਹੈ ਪਰ ਨਵੇਂ ਐਲਾਨੇ ਅਹੁਦੇਦਾਰਾਂ ’ਚ 13 ਨਵੇਂ ਮੀਤ ਪ੍ਰਧਾਨਾਂ ਦੀ ਸੂਚੀ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਥਾਂ ਮਿਲੀ ਹੈ। ਪੰਜਾਬ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਲੀਡਰਸ਼ਿਪ ਨੇ ਇੱਕ ਹੋਰ ਜੱਟ ਸਿੱਖ ਚਿਹਰੇ ਨੂੰ ਅਹੁਦੇਦਾਰਾਂ ’ਚ ਥਾਂ ਦਿੱਤੀ ਹੈ। ਇਸ ਤੋਂ ਪਹਿਲਾਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਸੀ।
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਖ਼ਰੀ ਵਿਧਾਨ ਸਭਾ ਚੋਣ ਸਾਲ 2022 ’ਚ ਬਤੌਰ ਕਾਂਗਰਸੀ ਉਮੀਦਵਾਰ ਬਠਿੰਡਾ ਤੋਂ ਲੜੀ ਸੀ ਪਰ ਉਹ ‘ਆਪ’ ਦੇ ਜਗਰੂਪ ਗਿੱਲ ਤੋਂ 63,581 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਅਮਨ ਅਰੋੜਾ ਤੋਂ ਬਾਅਦ ਜਗਰੂਪ ਗਿੱਲ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ। ਮਨਪ੍ਰੀਤ ਬਾਦਲ ਦੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਨੇੜਤਾ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਕੋਲ ਗੱਲ ਰੱਖਣ ਦਾ ਤਰੀਕਾ ਤੇ ਸਲੀਕਾ ਵੀ ਹੈ। ਦੇਖਿਆ ਜਾਵੇ ਤਾਂ ਪਿਛਲੇ ਸਮੇਂ ਤੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਕਾਂਗਰਸ ਛੱਡ ਕੇ ਆਏ ਆਗੂਆਂ ਨੂੰ ਤਰਜੀਹ ਦਿੱਤੀ ਹੈ।
ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੀ ਪ੍ਰਧਾਨਗੀ ਸੌਂਪੀ ਗਈ ਸੀ। ਉਂਝ ਉਨ੍ਹਾਂ ਦਾ ਸਿਆਸੀ ਅਕਸ ਕਾਫ਼ ਚੰਗਾ ਹੈ। ਮੌਜੂਦਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਕਾਂਗਰਸ ’ਚੋਂ ਆਏ ਹਨ। ਰਵਨੀਤ ਬਿੱਟੂ ਕਾਂਗਰਸ ਦੇ ਸੰਸਦ ਮੈਂਬਰ ਰਹੇ ਅਤੇ ਭਾਜਪਾ ਨੇ ਉਨ੍ਹਾਂ ਨੂੰ ਹਾਰਨ ਦੇ ਬਾਵਜੂਦ ਕੇਂਦਰੀ ਵਜ਼ਾਰਤ ’ਚ ਥਾਂ ਦਿੱਤੀ। ਕੇਂਦਰੀ ਅਹੁਦੇਦਾਰਾਂ ਦੀ ਨਵੀਂ ਸੂਚੀ ’ਚ ਡਾ. ਸੰਦੀਪ ਪਾਠਕ ਨੂੰ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ ਜੋ ਪੰਜਾਬ ’ਚੋਂ ‘ਆਪ’ ਤਰਫ਼ੋਂ ਰਾਜ ਸਭਾ ਮੈਂਬਰ ਬਣੇ ਸਨ ਤੇ ਬਾਅਦ ’ਚ ਭਾਜਪਾ ’ਚ ਸ਼ਾਮਲ ਹੋ ਗਏ। ਅਗਾਮੀ ਪੰਜਾਬ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਸੰਦੀਪ ਪਾਠਕ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਡਾ. ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਆਰਕੀਟੈਕਟ ਵਜੋਂ ਕੰਮ ਕਰ ਰਹੇ ਸਨ ਅਤੇ ਪੰਜਾਬ ’ਚ ਉਨ੍ਹਾਂ ਨੇ ਕਾਫ਼ੀ ਰਣਨੀਤਕ ਕੰਮ ਕੀਤਾ ਹੈ। ਭਾਜਪਾ ਉਨ੍ਹਾਂ ਦੇ ਪੰਜਾਬ ਤਜ਼ਰਬੇ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਪੰਜਾਬ ਨਾਲ ਸਬੰਧਿਤ ਛੇ ਰਾਜ ਸਭਾ ਮੈਂਬਰਾਂ ’ਚੋਂ ਡਾ. ਸੰਦੀਪ ਪਾਠਕ ਨੂੰ ਨਵੇਂ ਸੂਚੀ ’ਚ ਥਾਂ ਮਿਲੀ ਹੈ। ਪਾਰਟੀ ਨੇ ਟਕਸਾਲੀ ਭਾਜਪਾਈ ਤੇ ਸੰਸਦ ਮੈਂਬਰ ਤਰੁਣ ਚੁੱਘ ਨੂੰ ਕੇਂਦਰੀ ਦਫ਼ਤਰ ਇੰਚਾਰਜ ਲਗਾਇਆ ਹੈ ਜਦੋਂ ਕਿ ਉਹ ਪਹਿਲਾਂ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ।
ਉਨ੍ਹਾਂ ਦੇ ਸਿਆਸੀ ਕੱਦ ’ਚ ਵਾਧਾ ਕੀਤਾ ਗਿਆ ਹੈ। ਪੰਜਾਬ ’ਚੋਂ ਸੁਨੀਲ ਜਾਖੜ ਨੂੰ ਕੇਂਦਰੀ ਅਹੁਦੇਦਾਰਾਂ ’ਚ ਥਾਂ ਦਿੱਤੇ ਜਾਣ ਦੀ ਚਰਚਾ ਰਹੀ ਹੈ ਪ੍ਰੰਤੂ ਜਾਖੜ ਨੂੰ ਹਾਲੇ ਪਾਰਟੀ ਨੇ ਕੇਂਦਰ ’ਚ ਐਡਜਸਟ ਨਹੀਂ ਕੀਤਾ। ਭਾਜਪਾ ਵੱਲੋਂ ਹਾਲੇ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਜਾਣਾ ਬਾਕੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਵੇਂ ਅਹੁਦੇਦਾਰਾਂ ਦੀ ਸੂਚੀ ’ਚ ਨਾਮ ਸ਼ਾਮਲ ਨਹੀਂ ਹੈ।

