ਮੀਂਹ ਤੇ ਹਨੇਰੀ ਕਾਰਨ ਹਾੜੀ ਦੀ ਫਸਲ ਨੁਕਸਾਨੀ : The Tribune India

ਮੀਂਹ ਤੇ ਹਨੇਰੀ ਕਾਰਨ ਹਾੜੀ ਦੀ ਫਸਲ ਨੁਕਸਾਨੀ

ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ

ਮੀਂਹ ਤੇ ਹਨੇਰੀ ਕਾਰਨ ਹਾੜੀ ਦੀ ਫਸਲ ਨੁਕਸਾਨੀ

ਬਠਿੰਡਾ: ਖੇਤ ’ਚ ਿਵਛੀ ਹੋਈ ਕਣਕ ਸੰਭਾਲਦਾ ਹੋਇਆ ਕਿਸਾਨ। -ਫੋਟੋ: ਪਵਨ ਸ਼ਰਮਾ

ਆਤਿਸ਼ ਗੁਪਤਾ

ਚੰਡੀਗੜ੍ਹ, 18 ਮਾਰਚ

ਪੰਜਾਬ ਤੇ ਹਰਿਆਣਾ ਵਿੱਚ ਪਿਛਲੇ 36 ਘੰਟਿਆਂ ਤੋਂ ਰੁਕ-ਰੁਕ ਕੇ ਪੈ ਰਹੇ ਬੇਮੌਸਮੇ ਮੀਂਹ ਅਤੇ ਤੇਜ਼ ਹਵਾਵਾਂ ਨੇ ਖੇਤਾਂ ਵਿੱਚ ਤਿਆਰ ਹੋਣ ਕੰਢੇ ਖੜ੍ਹੀ ਕਣਕ ਸਣੇ ਹਾੜੀ ਦੀਆਂ ਫ਼ਸਲਾਂ ਨੂੰ ਵਿਛਾ ਦਿੱਤਾ ਹੈ ਜਿਸ ਕਾਰਨ ਕਿਸਾਨ ਚਿੰਤਾ ਵਿੱਚ ਡੁੱਬ ਗਏ ਹਨ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ 19, 20 ਤੇ 21 ਮਾਰਚ ਨੂੰ ਵੀ ਤੇਜ਼ ਮੀਂਹ ਅਤੇ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਣਕ ਦੀ ਫਸਲ ਪੱਕਣ ਕੰਢੇ ਪਹੁੰਚ ਚੁੱਕੀ ਹੈ। ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਵੇਗਾ। ਕਿਸਾਨਾਂ ਨੇ ਲਗਾਤਾਰ ਪੈ ਰਹੇ ਮੀਂਹ ਕਰਕੇ ਸੂਬੇ ’ਚ ਹਜ਼ਾਰੇ ਏਕੜ ਫ਼ਸਲ ਦੇ ਨੁਕਸਾਨੇ ਜਾਣ ਦਾ ਖਦਸ਼ਾ ਜਤਾਇਆ ਹੈ। ਪੰਜਾਬ ’ਚ ਪਿਛਲੇ ਵੀਰਵਾਰ ਰਾਤ ਤੋਂ ਹੀ ਪੈ ਰਹੇ ਮੀਂਹ ਦਾ ਅਸਰ ਪਟਿਆਲਾ, ਮੁਹਾਲੀ, ਫਤਿਹਗੜ੍ਹ ਸਾਹਿਬ, ਰੋਪੜ, ਆਨੰਦਪੁਰ ਸਾਹਿਬ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਤੇ ਸੰਗਰੂਰ ਸਣੇ ਹੋਰਨਾਂ ਇਲਾਕਿਆਂ ਵਿੱਚ ਦੇਖਿਆ ਜਾ ਰਿਹਾ ਹੈ। ਮੀਂਹ ਦਾ ਅਸਰ ਕਣਕ ਤੋਂ ਇਲਾਵਾ ਸਰ੍ਹੋਂ ਤੇ ਫਲਾਂ-ਸਬਜ਼ੀਆਂ ’ਤੇ ਵੀ ਪਵੇਗਾ। ਪੰਜਾਬ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਟੀਮਾਂ ਬਣਾਈਆਂ ਹੋਈਆਂ ਹਨ ਜਿਨ੍ਹਾਂ ਵੱਲੋਂ ਫਸਲਾਂ ਦੇ ਖਰਾਬੇ ਤੇ ਮੀਂਹ ਕਰਕੇ ਹੋਣ ਵਾਲੇ ਨੁਕਸਾਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੀਂਹ ਕਰਕੇ ਸੂਬੇ ਦੀਆਂ ਸੜਕਾਂ ਨੇ ਵੀ ਨਹਿਰਾਂ ਦਾ ਰੂਪ ਧਾਰ ਰੱਖਿਆ ਹੈ।ਮੌਸਮ ਵਿਭਾਗ ਅਨੁਸਾਰ 24 ਘੰਟਿਆਂ ਦੌਰਾਨ ਪਟਿਆਲਾ ’ਚ ਸਭ ਤੋਂ ਵੱਧ 40.6 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ’ਚ 14.4 ਐੱਮਐੱਮ, ਪਠਾਨਕੋਟ ’ਚ 6 ਐੱਮਐੱਮ, ਬਠਿੰਡਾ ’ਚ 5.8 ਐੱਮਐੱਮ, ਨਵਾਂ ਸ਼ਹਿਰ ’ਚ 11 ਐੱਮਐੱਮ, ਬਰਨਾਲਾ ’ਚ 25 ਐੱਮਐੱਮ, ਫਤਿਹਗੜ੍ਹ ਸਾਹਿਬ ’ਚ 16.5 ਐੱਮਐੱਮ, ਗੁਰਦਾਸਪੁਰ ’ਚ 10 ਐੱਮਐੱਮ, ਜਲੰਧਰ ’ਚ 13 ਐੱਮਐੱਮ, ਰੋਪੜ ’ਚ 9 ਐੱਮਐੱਮ ਤੇ ਮੋਗਾ ’ਚ 6 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਗਲੇ 2-3 ਦਿਨ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।

ਕਿਸਾਨ ਜਥੇਬੰਦੀਆਂ ਵੱਲੋਂ ਫਸਲੀ ਖਰਾਬੇ ਦੀ ਗਿਰਦਾਵਰੀ ਕਰਵਾਉਣ ਦੀ ਮੰਗ

ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਨੇ ਦੋ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ, ਤੇਜ਼ ਹਵਾਵਾਂ ਅਤੇ ਗੜਿਆਂ ਕਾਰਨ ਹੋਏ ਕਣਕ ਅਤੇ ਸਰ੍ਹੋਂ ਦੇ ਨੁਕਸਾਨ ਸਬੰਧੀ ਪੰਜਾਬ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਨ ਅਤੇ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸੂਬਾਈ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਜਥੇਬੰਦੀ ਦੇ ਆਗੂਆਂ ਨੇ ਖੇਤਾਂ ਦਾ ਦੌਰਾ ਕਰਨ ’ਤੇ ਦੇਖਿਆ ਤਾਂ ਬਹੁਤੀ ਥਾਈਂ ਕਣਕ ਦੀ ਫਸਲ ਵਿਛ ਚੁੱਕੀ ਸੀ। ਇਸ ਕਾਰਨ ਕਣਕ ਦਾ ਦਾਣਾ ਖ਼ਰਾਬ ਹੋਵੇਗਾ ਤੇ ਝਾੜ ਘਟੇਗਾ। ਬੇਮੌਸਮਾ ਮੀਂਹ ਵਾਢੀ ਲਈ ਤਿਆਰ ਖੜ੍ਹੀ ਸਰ੍ਹੋਂ ਦੀ ਫ਼ਸਲ ਲਈ ਨੁਕਸਾਨਦਾਇਕ ਹੈ। ਉਨ੍ਹਾਂ ਮੰਗ ਕੀਤੀ ਕਿ ਅਗਲੇ ਸੀਜ਼ਨ ਤੋਂ ਪੰਜਾਬ ਸਰਕਾਰ ਬਜਟ ’ਚ ਕੀਤੇ ਐਲਾਨਾਂ ਮੁਤਾਬਿਕ ਫਸਲਾਂ ਦੇ ਬੀਮੇ ਦਾ ਵੀ ਪ੍ਰਬੰਧ ਕਰੇ।

ਜ਼ੀਰਕਪੁਰ ਵਿੱਚੋਂ ਲੰਘਦੀ ਚੰਡੀਗੜ੍ਹ-ਅੰਬਾਲਾ ਸੜਕ ’ਤੇ ਮੈਕ ਡੌਨਲਡਜ਼ ਨੇੜੇ ਜਮ੍ਹਾਂ ਹੋਏ ਮੀਂਹ ਦੇ ਪਾਣੀ ਕਾਰਨ ਧੀਮੀ ਰਫ਼ਤਾਰ ਨਾਲ ਚੱਲਦਾ ਹੋਇਆ ਟਰੈਫਿਕ। -ਫੋਟੋ: ਨਿਤਿਨ ਮਿੱਤਲ

ਮਾਲਵੇ ’ਚ ਪੰਜਾਹ ਹਜ਼ਾਰ ਏਕੜ ਤੋਂ ਵੱਧ ਫ਼ਸਲ ਨੁਕਸਾਨੀ

ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਪੱਟੀ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਨਾਲ ਪੰਜਾਹ ਹਜ਼ਾਰ ਏਕੜ ਤੋਂ ਵੱਧ ਕਣਕ ਦੀ ਫਸਲ ਨੁਕਸਾਨੀ ਗਈ ਹੈ। ਇਸ ਕਰਕੇ ਕਣਕ ਦਾ ਝਾੜ ਘਟਣ ਦਾ ਖਦਸ਼ਾ ਹੈ। ਮੀਂਹ ਤੇ ਤੇਜ਼ ਹਵਾ ਕਾਰਨ ਕਣਕ ਦੇ ਬੂਟੇ ਟੇਢੇ ਹੋਣੇ ਸ਼ੁਰੂ ਹੋ ਗਏ ਹਨ। ਜਿਹੜੀਆਂ ਕਣਕਾਂ ਨੂੰ ਤਾਜ਼ਾ ਪਾਣੀ ਲੱਗਿਆ ਸੀ, ਉਹ ਜ਼ਮੀਨ ’ਤੇ ਡਿੱਗ ਗਈਆਂ ਹਨ। ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀ ਅਫ਼ਸਰ ਡਾ. ਸੱਤਪਾਲ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਦੋ-ਤਿੰਨ ਦਿਨ ਪਾਣੀ ਦੇਣ ਤੋਂ ਗੁਰੇਜ਼ ਕਰਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਫਸਲਾਂ ਦੇ ਨੁਕਸਾਨ ਲਈ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਸ਼ਹਿਰ

View All