DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Municipal Elections: ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਸਮਾਪਤ

ਸੂਬੇ ’ਚ ਚਾਰ ਨਗਰ ਕੌਂਸਲਾਂ ਦੇ 68 ਵਾਰਡਾਂ ਲਈ 403 ਉਮੀਦਵਾਰਾਂ ਨੇ ਕਾਗਜ਼ ਭਰੇ

  • fb
  • twitter
  • whatsapp
  • whatsapp
featured-img featured-img
ਕਾਦੀਆਂ ਵਿੱਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਦੀ ਹੋਈ ਉਮੀਦਵਾਰ ਹਰਪਾਲ ਕੌਰ। -ਫੋਟੋ: ਪਸਨਾਵਾਲ
Advertisement

ਪੰਜਾਬ ਵਿੱਚ 13 ਜੂਨ ਨੂੰ ਹੋਣ ਵਾਲੀਆਂ ਚਾਰ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦਾ ਅਮਲ ਅੱਜ ਅਮਨ-ਅਮਾਨ ਨਾਲ ਮੁਕੰਮਲ ਹੋ ਗਿਆ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਵਿੱਚ ਕਾਗਜ਼ ਦਾਖ਼ਲ ਕਰਨ ਲਈ ਭੀੜ ਲੱਗੀ ਰਹੀ। ਇਸ ਦੌਰਾਨ ਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਤੇ ਸ਼ਾਮਚੁਰਾਸੀ ਦੇ ਕੁੱਲ 68 ਵਾਰਡਾਂ ਲਈ 403 ਜਣਿਆਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਚੋਣ ਕਮਿਸ਼ਨ ਅਨੁਸਾਰ ਨਗਰ ਕੌਂਸਲ ਦੀਨਾਨਗਰ ਦੇ ਕੁੱਲ 15 ਵਾਰਡਾਂ ਲਈ 95 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸੇ ਤਰ੍ਹਾਂ ਨਗਰ ਕੌਂਸਲ ਗੁਰਦਾਸਪੁਰ ਦੇ 29 ਵਾਰਡਾਂ ਲਈ 170 ਉਮੀਦਵਾਰ, ਕਾਦੀਆਂ ਦੇ 15 ਵਾਰਡਾਂ ਲਈ 93 ਉਮੀਦਵਾਰ ਅਤੇ ਸ਼ਾਮਚੁਰਾਸੀ ਦੇ 9 ਵਾਰਡਾਂ ਲਈ 45 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 4 ਜੂਨ ਨੂੰ ਹੋਵੇਗੀ ਅਤੇ 5 ਜੂਨ 2026 ਨੂੰ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਣਗੇ। ਇਸ ਤੋਂ ਬਾਅਦ 13 ਜੂਨ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਦੂਜੇ ਪਾਸੇ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਤੋਂ ਬਾਅਦ ਹੋਣ ਵਾਲੀਆਂ 4 ਨਗਰ ਕੌਂਸਲ ਦੀਆਂ ਚੋਣਾਂ ਲਈ ਸਾਰੀਆਂ ਰਾਜਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਹਾਲਾਂਕਿ ਇਨ੍ਹਾਂ ਚੋਣਾਂ ਦੌਰਾਨ ‘ਆਪ’ ਵਧੇਰੇ ਉਤਸ਼ਾਹਿਤ ਦਿੱਖ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 26 ਮਈ ਨੂੰ ਹੋਈਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ।

ਇਸ ਦੌਰਾਨ ਪੰਜਾਬ ’ਚ ਅੱਠ ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੇ ਕੁੱਲ 1,977 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਨੇ 957 ਵਾਰਡਾਂ (48.45 ਫ਼ੀਸਦੀ) ’ਤੇ ਜਿੱਤ ਹਾਸਲ ਕੀਤੀ, ਜਦੋਂ ਕਿ ਕਾਂਗਰਸ ਨੇ 397 ਵਾਰਡਾਂ (20.08 ਫ਼ੀਸਦੀ) ’ਤੇ ਜੇਤੂ ਰਹਿ ਕੇ ਦੂਸਰਾ ਸਥਾਨ ਮੱਲਿਆ ਹੈ। ਭਾਜਪਾ ਨੇ 172 ਵਾਰਡਾਂ (8.70 ਫ਼ੀਸਦੀ) ’ਚ ਅਤੇ ਸ਼੍ਰੋਮਣੀ ਅਕਾਲੀ ਦਲ ਨੇ 192 ਵਾਰਡਾਂ (9.71 ਫ਼ੀਸਦੀ) ’ਚ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ 251 ਵਾਰਡਾਂ (12.69 ਫ਼ੀਸਦ) ਅਤੇ ਬਸਪਾ ਨੇ 7 (0.35) ਵਾਰਡਾਂ ’ਚ ਕਾਮਯਾਬੀ ਹਾਸਲ ਕੀਤੀ ਹੈ।

Advertisement

Advertisement
Advertisement
×