ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਨਚੇਤ ਹੀ ਇੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਿਜਦਾ ਕੀਤਾ। ਉਨ੍ਹਾਂ ਬਿਨਾਂ ਕਿਸੇ ਸੁਰੱਖਿਆ ਬੰਦੋਬਸਤ ਜਾਂ ਆਵਾਜਾਈ ਰੋਕਾਂ ਤੋਂ ਸੰਗਤ ਦੀ ਮੌਜੂਦਗੀ ਵਿਚ ਗੁਰੂ ਘਰ ਵਿਖੇ ਮੱਥਾ ਟੇਕਿਆ ਗਿਆ।
ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਟਵੀਟ ਕੀਤਾ, ‘‘ਅੱਜ ਸਵੇਰੇ ਮੈਂ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕੀਤੀ, ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਦੇਹ ਦਾ ਸਸਕਾਰ ਕੀਤਾ ਗਿਆ ਸੀ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਬਹੁਤ ਮੁਬਾਰਕ ਮਹਿਸੂਸ ਕੀਤਾ! ਮੈਂ ਦੁਨੀਆ ਭਰ ਦੇ ਲੱਖਾਂ ਲੋਕਾਂ ਵਾਂਗ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿਆਲਤਾ ਤੋਂ ਪ੍ਰੇਰਿਤ ਹਾਂ।’’ਉਨ੍ਹਾਂ ਪੰਜਾਬੀ ਵਿਚ ਟਵੀਟ ਵੀ ਕਰਦਿਆਂ ਕਿਹਾ ਕਿ ਗੁਰੂ ਜੀ ਨੇ ਹਿੰਦੂ ਧਰਮ ਦੀ ਹਿਫ਼ਾਜ਼ਤ ਕਰਦਿਆਂ ਸਰਬਉਚ ਬਲੀਦਾਨ ਦਿੱਤਾ ਅਤੇ ਆਲਮੀ ਭਾਈਚਾਰੇ ਦਾ ਸੰਦੇਸ਼ ਫੈਲਾਇਆ। ਇੱਕ ਹੋਰ ਟਵੀਟ ਵਿੱਚ, ਮੋਦੀ ਨੇ ਕਿਹਾ, “ਇਹ ਗੁਰੂ ਸਾਹਿਬਾਨ ਦੀ ਵਿਸ਼ੇਸ਼ ਕ੍ਰਿਪਾ ਹੈ ਕਿ ਸਾਨੂੰ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ ਹੈ। ਆਓ ਇਸ ਬਖ਼ਸ਼ਿਸ਼ ਦਿਹਾੜੇ ਨੂੰ ਇਤਿਹਾਸਕ ਤਰੀਕੇ ਨਾਲ ਮਨਾਈਏ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦਰਸ਼ਾਂ ਦੀ ਪਾਲਣਾ ਕਰੀਏ।’’
ਪ੍ਰਧਾਨ ਮੰਤਰੀ ਦਾ ਸੰਗਤ ਦੀ ਮੌਜੂਦਗੀ ਵਿੱਚ ਕੌਮੀ ਰਾਜਧਾਨੀ ਦੇ ਪ੍ਰਸਿੱਧ ਗੁਰਦੁਆਰਿਆਂ ਵਿਚ ਜਾਣਾ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ, ਵਿਸ਼ੇਸ਼ ਤੌਰ ’ਤੇ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਪੁੱਜੇ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਰਧਾਲੂਆਂ ਨਾਲ ਤਸਵੀਰਾਂ ਵੀ ਖਿਚਵਾਈਆਂ ਤੇ ਸਾਂਝੀਆਂ ਕੀਤੀਆਂ।