ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿੱਚ ਝਾਰਖੰਡ ਦੇ ਜਮਸ਼ੈਦਪੁਰ ਵਿਚ ਇਕ ਪੁਲੀਸ ਮੁਲਾਜ਼ਮ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ‘ਅਤਵਿਾਦੀ’ ਕਹਿੰਦਾ ਦਿਸਦਾ ਹੈ। ਪੁਲੀਸ ਮੁਲਾਜ਼ਮ ਭੂਸ਼ਨ ਕੁਮਾਰ ਨੇ ਹਾਲਾਂਕਿ ਮਗਰੋਂ ਆਪਣੀ ਇਸ ਗ਼ਲਤੀ ਲਈ ਮੁਆਫ਼ੀ ਵੀ ਮੰਗੀ। ਇਕ ਟਵੀਟ ਮੁਤਾਬਕ ਪੁਲੀਸ ਮੁਲਾਜ਼ਮ ਨੇ ਮਗਰੋਂ ਇਕ ਪੰਜਾਬੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਮੂਸੇਵਾਲਾ ਕੌਣ ਹੈ ਤੇ ਇਹ ਮਨੁੱਖੀ ਗ਼ਲਤੀ ਸੀ ਜਾਂ ਜ਼ੁਬਾਨ ਫਿਸਲਣ ਕਰਕੇ ਅਜਿਹਾ ਹੋਇਆ। ਕੁਮਾਰ ਨੇ ਕਿਹਾ ਕਿ ਉਸ ਨੂੰ ਮੂਸੇਵਾਲਾ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਤੇ ਉਸ ਨੇ ਜੋ ਕੁਝ ਮੂਸੇਵਾਲਾ ਬਾਰੇ ਸੁਣਿਆ, ਉਹ ਗਾਇਕ ਦੀ ਮੌਤ ਮਗਰੋਂ ਖ਼ਬਰਾਂ ਵਿਚ ਆਇਆ ਸੀ।
ਪੁਲੀਸ ਮੁਲਾਜ਼ਮ ਨੇ ਮੂਸੇਵਾਲਾ ਦੇ ਮਾਤਾ-ਪਿਤਾ ਤੋਂ ਵੀ ਮੁਆਫੀ ਮੰਗੀ ਹੈ ਤੇ ਕਿਹਾ ਕਿ ਉਹ ਦੁਆ ਕਰਦਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤ ਲਈ ਇਨਸਾਫ ਮਿਲੇ। ਭੂਸ਼ਨ ਕੁਮਾਰ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਭਵਿੱਖ ਵਿੱਚ ਮੂਸੇਵਾਲਾ ਨੂੰ ਕਵਿੇਂ ਬਿਆਨ ਕਰੇਗਾ ਤਾਂ ਪੁਲੀਸ ਮੁਲਾਜ਼ਮ ਨੇ ਕਿਹਾ ਕਿ ਉਹ ਕਹੇਗਾ, ‘‘ਮੂਸੇਵਾਲਾ ਜ਼ਮੀਨ ਨਾਲ ਜੁੜਿਆ ਕਲਾਕਾਰ ਸੀ, ਜੋ ਲੋਕਾਂ ਦੇ ਬਹੁਤ ਕਰੀਬ ਸੀ ਤੇ ਉਸ ਨੇ ਸਮਾਜਿਕ ਕੰਮ ਵੀ ਕੀਤੇ।’’
ਦੱਸ ਦੇਈਏ ਕਿ ਇਸ ਪੁਲੀਸ ਮੁਲਾਜ਼ਮ ਨੇ ਇਕ ਨਾਕੇ ਦੌਰਾਨ ਬਾਈਕ ਸਵਾਰ ਮੁੰਡੇ-ਕੁੜੀ ਨੂੰ ਰੋਕਿਆ ਸੀ, ਜਨਿ੍ਹਾਂ ਦੇ ਸਿਰ ’ਤੇ ਹੈਲਮਟ ਨਹੀਂ ਸੀ। ਪੁਲੀਸ ਮੁਲਾਜ਼ਮ ਵੀਡੀਓ ’ਚ ਇਹ ਕਹਿੰਦਾ ਦਿਸਦਾ ਸੀ ਕਿ ‘‘ਇਕ ਤਾਂ ਤੁਸੀਂ ਨੇਮਾਂ ਦੀ ਉਲੰਘਣਾ ਕਰ ਰਹੇ ਹੋ, ਦੂਜਾ ਤੁਸੀਂ ਮੋਟਰਸਾਈਕਲ ’ਤੇ ਅਤਵਿਾਦੀ (ਮੂਸੇਵਾਲਾ) ਦੀ ਫੋਟੋ ਲਾਈ ਹੋਈ ਹੈ।’’