ਖੇਤਰੀ ਪ੍ਰਤੀਨਿਧ
ਪਟਿਆਲਾ, 20 ਸਤੰਬਰ
ਤਨਖਾਹ ਵਿਚ ਵਾਧੇ, ਹਟਾਏ ਮੁਲਾਜ਼ਮਾਂ ਦੀ ਬਹਾਲੀ, ਨਵੇਂ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਠੇਕੇਦਾਰੀ ਸਿਸਟਮ ਖ਼ਤਮ ਕਰਨ ਵਰਗੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪੀਆਰਟੀਸੀ ਅਤੇ ਪਨਬੱਸ ਦੇ ਕੰਟਰੈਕਟ ਮੁਲਾਜ਼ਮਾਂ ਵੱਲੋਂ ਅੱਜ ਰਾਜ ਵਿਆਪੀ ਹੜਤਾਲ ਕੀਤੀ ਗਈ।
ਭਾਵੇਂ ਪੱਕੇ ਮੁਲਾਜ਼ਮਾਂ ਜ਼ਰੀਏ ਕੁਝ ਬੱਸਾਂ ਚੱਲਦੀਆਂ ਵੀ ਰਹੀਆਂ ਪਰ ਫੇਰ ਵੀ ਅੱਜ ਲੋਕ ਸੂਬਾ ਪੱਧਰ ’ਤੇ ਖੱਜਲ਼ ਖੁਆਰ ਹੁੰਦੇ ਰਹੇ। ਇਸ ਦੌਰਾਨ ਪ੍ਰਾਈਵੇਟ ਕੰਪਨੀਆਂ ਦੀ ਚਾਂਦੀ ਬਣੀ ਰਹੀ। ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਅੱਜ ਨਿੱਜੀ ਬੱਸਾਂ ਰਾਹੀਂ ਕਿਰਾਇਆ ਲਾ ਕੇ ਆਪਣੀ ਮੰਜ਼ਿਲ ’ਤੇ ਪਹੁੰਚਣਾ ਪਿਆ। ਉਧਰ,ਹੜਤਾਲ ਕਾਰਨ ਪੀਆਰਟੀਸੀ ਨੂੰ ਇੱਕ ਕਰੋੜ ਤੋਂ ਵੱਧ ਦਾ ਘਾਟਾ ਪਿਆ। ਅੱਜ ਸਵੇਰ ਤੋਂ ਹੀ ਸ਼ੁਰੂ ਹੋਈ ਹੜਤਾਲ਼ ਤਹਿਤ ਪੀਆਰਟੀਸੀ ਮੈਨੇਜਮੈਂਟ ਵੱਲੋਂ ਆਸੇ ਪਾਸੇ ਕੰਮ ਕਰਦੇ ਡਰਾਈਵਰ ਕੰਡਕਟਰਾਂ ਨੂੰ ਵੀ ਬੱਸਾਂ ’ਚ ਚਾੜ੍ਹ ਦਿੱਤਾ ਗਿਆ। ਅਜਿਹੇ ਮੌਕੇ ਪਿੰਡਾਂ ਲਈ ਚੱਲਦੀ ਲੋਕਲ ਬੱਸ ਸੇਵਾ ਬੰਦ ਕਰਕੇ ਵੱਡੇ ਰੂਟਾਂ ਨੂੰ ਤਰਜੀਹ ਦਿੱਤੀ ਗਈ। ਇਸ ਕਰਕੇ ਪਿੰਡਾਂ ਦੇ ਲੋਕ ਵਧੇਰੇ ਪ੍ਰਸ਼ਾਨ ਹੋਏ। ਯੂਨੀਅਨ ਬੁਲਾਰੇ ਹਰਕੇਸ਼ ਵਿੱਕੀ ਦਾ ਕਹਿਣਾ ਸੀ ਕਿ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠਾਂ ਹੋਈ ਇਸ ਹੜਤਾਲ ਦੌਰਾਨ ਪੀਆਰਟੀਸੀ ਦੀਆਂ 75 ਫ਼ੀਸਦੀ ਬੱਸਾਂ ਬੰਦ ਰਹੀਆਂ। ਉਧਰ, ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਕਹਿਣਾ ਸੀ ਕਿ ਪਹਿਲਾਂ ਤੋਂ ਹੀ ਕੀਤੇ ਗਏ ਬਦਲਵੇਂ ਪ੍ਰਬੰਧਾਂ ਕਾਰਨ ਹੜਤਾਲ਼ ਦਾ ਅਸਰ 40 ਫ਼ੀਸਦੀ ਹੀ ਰਿਹਾ।
ਮੰਤਰੀ ਵੱਲੋਂ ਤਨਖ਼ਾਹ ’ਚ ਤੁਰੰਤ ਪੰਜ ਫ਼ੀਸਦ ਵਾਧੇ ਦਾ ਹੁਕਮ
ਚੰਡੀਗੜ੍ਹ (ਟਨਸ): ਪੰਜਾਬ ਰੋਡਵੇਜ਼ ਦੇ ਆਊਟਸੋਰਸ ਤੇ ਕੰਟਰੈਕਚੁਅਲ ਮੁਲਾਜ਼ਮਾਂ ਵੱਲੋਂ ਅੱਜ ਸਵੇਰੇ ਵਿੱਢੀ ਗਈ ਹੜਤਾਲ ਸੂਬਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੁਲਾਕਾਤ ਹੋਣ ਮਗਰੋਂ ਸਮਾਪਤ ਕਰ ਦਿੱਤੀ ਗਈ। ਲਾਲਜੀਤ ਸਿੰਘ ਭੁੱਲਰ ਨੇ ਹੜਤਾਲੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਹਿਲਾਂ ਹੀ ਮੰਨੀਆਂ ਜਾ ਚੁੱਕੀਆਂ ਹਨ ਪ੍ਰੰਤੂ ਇਨ੍ਹਾਂ ਨੂੰ ਨਿਯਮਾਂ ਅਨੁਸਾਰ ਲਾਗੂ ਕਰਨ ਵਿੱਚ ਕੁੱਝ ਸਮਾਂ ਲੱਗ ਰਿਹਾ ਹੈ, ਉਨ੍ਹਾਂ ਨੂੰ ਛੇਤੀ ਹੀ ਲਾਗੂ ਕੀਤਾ ਜਾਵੇਗਾ। ਇਸ ਲਈ ਉਹ ਵਿਭਾਗ ਨਾਲ ਸਹਿਯੋਗ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਮੁਲਾਜ਼ਮਾਂ ਨੂੰ ਅਗਲੀ ਤਨਖ਼ਾਹ 5 ਫ਼ੀਸਦ ਵਾਧੇ ਨਾਲ ਦੇਣ, ਬਲੈਕ ਲਿਸਟ ਕੀਤੇ ਮੁਲਾਜ਼ਮਾਂ ਨੂੰ ਨਿਯਮਾਂ ਅਨੁਸਾਰ ਬਹਾਲ ਕਰਨ ਅਤੇ ਬੱਸਾਂ ਦੀ ਲੋੜੀਂਦੀ ਮੁਰੰਮਤ ਤੁਰੰਤ ਕਰਵਾਈ ਜਾਵੇ।