ਠੀਕਰੀਵਾਲਾ ਨਰਸਿੰਗ ਕਾਲਜ ਨਾ ਬਣਨ 'ਤੇ ਹਲਕਾ ਵਿਧਾਇਕ ਦਾ ਅਜੀਬੋ ਗਰੀਬ ਤਰਕ
ਹਲਕੇ ਦੇ ਪਿੰਡ ਠੀਕਰੀਵਾਲਾ ਵਿਖੇ ਪਿਛਲੇ ਚਾਰ ਸਾਲਾਂ ਤੋਂ ਲੜਕੀਆਂ ਦਾ ਨਰਸਿੰਗ ਕਾਲਜ ਨਾ ਬਣਾਏ ਜਾਣ 'ਤੇ ਹਲਕਾ ਵਿਧਾਇਕ ਵਲੋਂ ਅੱਜ ਇੱਕ ਅਜੀਬੋ ਗਰੀਬ ਤਰਕ ਦਿੱਤਾ ਗਿਆ। ਅੱਜ ਇੱਥੇ ਇੱਕ ਧਾਰਮਿਕ ਸਮਾਗਮ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ...
ਹਲਕੇ ਦੇ ਪਿੰਡ ਠੀਕਰੀਵਾਲਾ ਵਿਖੇ ਪਿਛਲੇ ਚਾਰ ਸਾਲਾਂ ਤੋਂ ਲੜਕੀਆਂ ਦਾ ਨਰਸਿੰਗ ਕਾਲਜ ਨਾ ਬਣਾਏ ਜਾਣ 'ਤੇ ਹਲਕਾ ਵਿਧਾਇਕ ਵਲੋਂ ਅੱਜ ਇੱਕ ਅਜੀਬੋ ਗਰੀਬ ਤਰਕ ਦਿੱਤਾ ਗਿਆ। ਅੱਜ ਇੱਥੇ ਇੱਕ ਧਾਰਮਿਕ ਸਮਾਗਮ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹੁੰਚੇ ਸਨ, ਜਿਨ੍ਹਾਂ ਨੂੰ ਨਰਸਿੰਗ ਕਾਲਜ ਅਤੇ ਸਬ ਡਿਵੀਜ਼ਨ ਦੇ ਪ੍ਰਬੰਧਕੀ ਕੰਪਲੈਕਸ ਨਾ ਬਣਾਏ ਜਾਣ ਦਾ ਸਵਾਲ ਪੱਤਰਕਾਰਾਂ ਵਲੋਂ ਪੁੱਛਿਆ ਗਿਆ। ਜਿਸਦਾ ਜਵਾਬ ਨਾਲ ਬੈਠੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਦਿੱਤਾ ਗਿਆ।
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਬੱਚੇ ਵਿਦੇਸ਼ਾਂ ਨੂੰ ਵੱਧ ਜਾ ਰਹੇ ਸੀ। ਜਿਸ ਕਾਰਨ ਪੰਜਾਬ ਦੇ ਪਹਿਲਾਂ ਤੋਂ ਚੱਲ ਰਹੇ ਨਰਸਿੰਗ ਕਾਲਜਾਂ ਵਿੱਚ ਸੀਟਾਂ ਨਹੀਂ ਭਰਦੀਆਂ ਸਨ। ਅਧਿਕਾਰੀਆਂ ਵਲੋਂ ਇਸ ਸਬੰਧੀ ਸਰਕਾਰ ਨੂੰ ਜਾਣੂੰ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਠੀਕਰੀਵਾਲਾ ਦੇ ਨਰਸਿੰਗ ਕਾਲਜ ਦੀਆਂ ਸੀਟਾਂ ਵਧਾਉਣ ਦਾ ਮਸਲਾ ਸੀ, ਜਿਸ ਕਾਰਨ ਇਸਦੀ ਫ਼ਾਈਲ ਮਨਜ਼ੂਰੀ ਲਈ ਦੁਬਾਰਾ ਭੇਜੀ ਗਈ ਸੀ। ਵਿਧਾਇਕ ਨੇ ਕਿਹਾ ਕਿ ਹੁਣ ਬੱਚਿਆਂ ਦਾ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਣ ਘਟਿਆ ਹੈ, ਜਿਸ ਕਰਕੇ ਹੁਣ ਕਾਲਜ ਨੂੰ ਸ਼ੁਰੂ ਕਰਵਾਉਣ ਦੀ ਪੈਰਵਾਈ ਮੁੜ ਸ਼ੁਰੂ ਕਰ ਰਹੇ ਹਾਂ। ਵਿਧਾਇਕ ਪੰਡੋਰੀ ਨੇ ਮਹਿਲ ਕਲਾਂ ਸਬ ਡਿਵੀਜ਼ਨ ਲਈ ਪ੍ਰਬੰਧਕੀ ਕੰਪਲੈਕਸ ਜਲਦ ਸ਼ੁਰੂ ਕਰਨ ਦਾ ਦਾਅਵਾ ਕੀਤਾ।
ਜਿਕਰਯੋਗ ਹੈ ਕਿ ਜਨਵਰੀ 2023 ਨੂੰ ਆਜ਼ਾਦੀ ਘੁਲਾਟੀਏ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 89ਵੀਂ ਸਾਲਾਨਾ ਬਰਸੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਨ। ਉਨ੍ਹਾਂ ਨੇ ਸਟੇਜ ਤੋਂ ਲੜਕੀਆਂ ਦੇ ਸਰਕਾਰੀ ਸਕੂਲ ਨੂੰ ਅੱਪਗ੍ਰੇਡ ਕਰਕੇ ਸਰਕਾਰੀ ਨਰਸਿੰਗ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ। ਇਸ ਉਪਰੰਤ 3 ਸਾਲਾਂ ਤੋਂ ਮੁੱਖ ਮੰਤਰੀ ਬਰਸੀ ਸਮਾਗਮ ਮੌਕੇ ਨਹੀਂ ਪਹੁੰਚੇ। ਹਲਕਾ ਵਿਧਾਇਕ ਵਲੋਂ ਕਾਲਜ ਲਈ 20.84 ਕਰੋੜ ਦੀ ਗ੍ਰਾਂਟ ਜਾਰੀ ਹੋਣ ਦਾ ਦਾਅਵਾ ਕੀਤਾ ਸੀ ਪਰ ਕਾਲਜ ਕੇਵਲ ਐਲਾਨ ਬਣ ਕੇ ਰਹਿ ਗਿਆ।

