ਪੱਤਰ ਪ੍ਰੇਰਕ
ਫਰੀਦਾਬਾਦ, 15 ਜੂਨ
ਵਿਧਾਇਕ ਨਰਿੰਦਰ ਗੁਪਤਾ ਨੇ ਸੈਕਟਰ-15 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਕਰੀਬ 12.30 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਸਾਡੇ ਸਾਰਿਆਂ ਲਈ ਦੇਸ਼ ਅਤੇ ਸਮਾਜ ਦੀ ਏਕਤਾ ਲਈ ਸੇਵਾ ਕਰਨ ਲਈ ਮਹਾਨ ਪ੍ਰੇਰਨਾ ਹੈ। ਸਾਨੂੰ ਉਨ੍ਹਾਂ ਦੇ ਜੀਵਨ ਤੇ ਸਮਾਜ ਸੇਵਾ ਦੇ ਚਰਿੱਤਰ ਤੋਂ ਸਬਕ ਲੈ ਕੇ ਸੇਵਾ ਦੇ ਖੇਤਰ ਵਿੱਚ ਅੱਗੇ ਵਧਣ ਦੀ ਲੋੜ ਹੈ। ਵਿਧਾਇਕ ਗੁਪਤਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਸਮਾਜ ਲਈ ਇੱਕ ਮਿਸਾਲ ਹਨ। ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਬਣਾਇਆ ਜਾ ਰਿਹਾ ਚੈਰੀਟੇਬਲ ਹਸਪਤਾਲ ਸਮਾਜ ਦੇ ਹਰ ਵਰਗ ਦੀ ਸਿਹਤ ਅਤੇ ਡਾਕਟਰੀ ਦੇਖਭਾਲ ਵਿੱਚ ਯੋਗਦਾਨ ਪਾਵੇਗਾ। ਚੇਅਰਮੈਨ ਬੀਆਰ ਭਾਟੀਆ ਨੇ ਕਿਹਾ ਕਿ ਬਹੁਤ ਜਲਦੀ ਇਹ ਹਸਪਤਾਲ ਲੋਕਾਂ ਦੀ ਸੇਵਾ ਲਈ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਚੈਰੀਟੇਬਲ ਹਸਪਤਾਲ ਤੋਂ ਵਾਂਝੇ ਵਰਗ ਅਤੇ ਲੋੜਵੰਦ ਲੋਕ ਸਿਹਤ ਸਹੂਲਤਾਂ ਦਾ ਲਾਭ ਲੈ ਸਕਣਗੇ। ਇਸ ਮੌਕੇ ਦੀਪ ਭਾਟੀਆ, ਚੇਅਰਮੈਨ, ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-15 ਦੀ ਮੁਖੀ ਰਾਣਾ ਕੌਰ ਭੱਟੀ, ਰਮਾ ਭਾਟੀਆ, ਵਤੀਸ਼ ਭਾਟੀਆ ਸਮੇਤ ਕਈ ਪਤਵੰਤੇ ਹਾਜ਼ਰ ਸਨ।