ਪੱਤਰ ਪ੍ਰੇਰਕ
ਚੰਡੀਗੜ੍ਹ, 11 ਅਗਸਤ
ਪਿੰਡ ਖੁੱਡਾ ਅਲੀਸ਼ੇਰ ਚੰਡੀਗੜ੍ਹ ਵਿੱਚ ਤੀਆਂ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ। ਪਿੰਡ ਦੇ ਬੋਹੜ ਹੇਠ ਇਕੱਠੀਆਂ ਹੋਈਆਂ ਮੁਟਿਆਰਾਂ ਨੇ ਰੱਜ ਕੇ ਬੋਲੀਆਂ ’ਤੇ ਗਿੱਧਾ ਪਾਇਆ। ਤੀਆਂ ਦਾ ਤਿਉਹਾਰ ਮਨਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਵਿਆਹੀਆਂ ਕੁੜੀਆਂ ਆਪਣੇ ਪੇਕੇ ਪਿੰਡ ਆਈਆਂ, ਜਿਨ੍ਹਾਂ ਆਪਣੀਆਂ ਬਚਪਨ ਦੀਆਂ ਸਹੇਲੀਆਂ ਨਾਲ ਗਿੱਧਾ ਪਾਇਆ।
ਅਮਲੋਹ (ਪੱਤਰ ਪ੍ਰੇਰਕ): ਸਰਕਾਰੀ ਐਲੀਮੈਂਟਰੀ ਸਕੂਲ ਕਪੂਰਗੜ੍ਹ ਵਿੱਚ ਸੀਐੱਚਟੀ ਅਨਿਲ ਬਾਂਸਲ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਸ਼ਹੀਦ ਭਗਤ ਯੂਥ ਸਪੋਰਟਸ ਤੇ ਸਭਿਆਚਾਰਕ ਕਲੱਬ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸਕੂਲੀ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਨੂੰ ਦਰਸਾਉਂਦਾ ਰੰਗਾਰੰਗ ਪ੍ਰੋਗਰਾਮ ਗਿੱਧਾ-ਭੰਗੜਾ ਪੇਸ਼ ਕੀਤਾ। ਸਰਪੰਚ ਜਸਵੀਰ ਸਿੰਘ ਮਛਾਲ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਵਿਰਸੇ ਬਾਰੇ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ।
ਰੂਪਨਗਰ (ਪੱਤਰ ਪ੍ਰੇਰਕ): ਗੁਰੂ ਅਮਰਦਾਸ ਖਾਲਸਾ ਗਰਲਜ਼ ਕਾਲਜ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁਕਾਬਲਿਆ ਦੌਰਾਨ ਰੰਗੋਲੀ ’ਚ ਪਸ਼ਮਾ ਤੇ ਜੋਤੀ, ਹਰਪ੍ਰੀਤ ਕੌਰ ਤੇ ਰੀਤਿਕਾ ਤੇ ਰੁਪਿੰਦਰ ਕੌਰ ਤੇ ਮਨਪ੍ਰੀਤ ਕੌਰ, ਮਹਿੰਦੀ ਮੁਕਾਬਲੇ ’ਚ ਤਾਨਿਆ, ਸੁਰਜੀਤ ਕੌਰ ਤੇ ਰਣਵਿੰਦਰ ਕੌਰ ਤੇ ਪੁਨੀਤ ਕੌਰ, ਕੁਇੱਜ਼ ’ਚ ਅਰਸਦੀਪ ਕੌਰ ਤੇ ਪਸ਼ਮਾ ਤੇ ਗੁਰਸਿਮਰਨ ਕੌਰ ਤੇ ਸਿਮਰਨਪ੍ਰੀਤ ਕੌਰ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਬੇਲਾ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਮਹਿੰਦੀ ਮੁਕਾਬਲੇ ਦੌਰਾਨ 40 ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਬੀ.ਫਾਰਮਾ ਦੂਜਾ ਸਮੈਸਟਰ ਦੀ ਸਾਕਸ਼ੀ ਜੇਤੂ ਰਹੀ।
ਨੂਰਪੁਰ ਬੇਦੀ (ਨਿੱਜੀ ਪੱਤਰ ਪ੍ਰੇਰਕ): ਯੂਅਰਸ ਸਾਲੋਨ ਆਰਗੇਨਾਈਜੇਸ਼ਨ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਨੀਰਜ ਨਿਸ਼ੂ ਤੇ ਮੁਕੇਸ਼ ਕੁਮਾਰ ਲੱਕੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਤੇ ਹਿਮਾਚਲ ਦੀਆਂ ਟੀਮਾਂ ਨੇ ਸੱਭਿਆਚਾਰਕ ਗਤੀਵਿਧੀਆਂ ਸਬੰਧੀ ਕਰਵਾਏ ਮੁਕਾਬਲਿਆਂ ’ਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਮਿਸ ਤੀਜ ਲਈ ਝੱਜ ਦੀ ਟੀਮ ਪਹਿਲੇ ਨੰਬਰ ’ਤੇ ਆਈ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਮੁੱਲਾਂਪੁਰ ਗਰੀਬਦਾਸ ਵਿੱਚ ਪੰਜਾਬੀ ਵਿਰਸਾ ਤੇ ਸਭਿਆਚਾਰਕ ਸੁਸਾਇਟੀ ਨੇ ਮੇਲਾ ਤੀਆਂ ਦਾ ਬੈਨਰ ਹੇਠ ਪ੍ਰੋਗਰਾਮ ਕਰਵਾਇਆ। ਪੁਰੀ ਟਰੱਸਟ ਮੁੱਲਾਂਪੁਰ ਗਰੀਬਦਾਸ ਦੇ ਚੇਅਰਮੈਨ ਅਰਵਿੰਦਪੁਰੀ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਛੋਟੀਆਂ ਬੱਚੀਆਂ ਨੇ ਲੋਕ ਗੀਤ, ਗਿੱਧਾ, ਬੋਲੀਆਂ, ਨਾਟਕ ਚਾਰ ਚੰਨ ਲਾਏ।
ਐਸਏਐਸ ਨਗਰ (ਖੇਤਰੀ ਪ੍ਰਤੀਨਿਧ): ਇੱਥੋਂ ਦੇ ਫ਼ੇਜ਼ ਇੱਕ ਵਿੱਚ ਕਾਂਗਰਸੀ ਆਗੂ ਅਮਰਜੀਤ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਮੁੱਖ ਮਹਿਮਾਨ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪਤਨੀ ਦਲਜੀਤ ਕੌਰ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਭਿਆਚਾਰਕ ਅਮੀਰੀ ਵਿੱਚ ਤੀਆਂ ਤੇ ਹੋਰ ਵਿਰਾਸਤੀ ਤਿਉਹਾਰਾਂ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਤਿਉਹਾਰ ਸਾਡੀ ਆਪਸੀ ਸਾਂਝ ਨੂੰ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੇ ਪੂਰੇ ਜੋਸ਼ੋ ਖਰੋਸ਼ ਨਾਲ ਤੀਆਂ ਮਨਾ ਰਹੇ ਹਨ।

ਇੰਨਰਵ੍ਹੀਲ ਕਲੱਬ ਦੀਆਂ ਮੈਂਬਰਾਂ ਨੇ ਪਾਇਆ ਗਿੱਧਾ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਇੰਨਰਵ੍ਹੀਲ ਕਲੱਬ ਵੱਲੋਂ ਤੀਆਂ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ 40 ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਹਿੱਸਾ ਲਿਆ। ਇਹ ਤਿਉਹਾਰ ਜ਼ਿਲ੍ਹਾ ਚੇਅਰਮੈਨ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਆਈਐੱਸਓ ਮਿਲਨੀ ਸਮਾਰੋਹ ਤਹਿਤ ਮਨਾਇਆ ਗਿਆ। ਪ੍ਰੋਗਰਾਮ ਦੀ ਪ੍ਰਬੰਧਕ ਆਈਐੱਸਓ ਪੂਜਾ ਗੋਇਲ ਨੇ ਜ਼ਿਲ੍ਹਾ ਚੇਅਰਮੈਨ ਤੇ ਹੋਰਨਾਂ ਕਲੱਬਾਂ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਬੂਟਾ ਲਾ ਕੇ ਸ਼ੁਰੂਆਤ ਕੀਤੀ।