
ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅੰਕਿਤ ਰਾਣਾ।
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਦਸੰਬਰ
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਪੰਜਾਬ ਅਤੇ ਹਰਿਆਣਾ ਵਿੱਚ ਲੋੜੀਂਦੇ ਭੂਪੀ ਰਾਣਾ ਗੈਂਗ ਦੇ ਮੁੱਖ ਸ਼ੂਟਰ ਨੂੰ ਬਰਵਾਲਾ (ਹਰਿਆਣਾ) ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ .32 ਬੋਰ ਦਾ ਇੱਕ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਅੰਕਿਤ ਰਾਣਾ ਵਜੋਂ ਹੋਈ ਹੈ। ਇਹ ਜ਼ੀਰਕਪੁਰ ਅਤੇ ਪੰਚਕੂਲਾ ਖੇਤਰ ਵਿੱਚ ਸਰਗਰਮ ਸੀ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਜੀਟੀਐੱਫ ਨੇ ਮੁਹਾਲੀ ਪੁਲੀਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਅੰਕਿਤ ਰਾਣਾ ਨੂੰ .32 ਬੋਰ ਦੇ ਪਿਸਤੌਲ ਅਤੇ ਪੰਜ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਕਿਤ ਇਸ ਸਾਲ ਜੁਲਾਈ ਵਿੱਚ ਹੋਏ ਬਲਟਾਣਾ ਮੁਕਾਬਲੇ ਦੇ ਕੇਸ ਵਿੱਚ ਲੋੜੀਂਦਾ ਸੀ। ਡੀਜੀਪੀ ਨੇ ਕਿਹਾ ਕਿ ਅੰਕਿਤ ਰਾਣਾ ਜ਼ੀਰਕਪੁਰ ਦੇ 15 ਹੋਟਲਾਂ ਅਤੇ ਪੰਚਕੂਲਾ ਦੇ 10 ਹੋਟਲਾਂ ਤੋਂ ਇਲਾਵਾ ਇਸ ਖੇਤਰ ਦੇ ਹੋਰ ਨਾਮੀ ਕਾਰੋਬਾਰੀਆਂ ਤੋਂ ਵੀ ਪੈਸੇ ਵਸੂਲਣ ਵਿੱਚ ਸ਼ਾਮਲ ਸੀ। ਪੁਲੀਸ ਵੱਲੋਂ ਅਪਰਾਧਕ ਗਤੀਵਿਧੀਆਂ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਲਾਰੈਂਸ ਬਿਸ਼ਨੋਈ ਦੇ ਐੱਨਆਈਏ ਰਿਮਾਂਡ ਵਿੱਚ ਚਾਰ ਦਿਨ ਦਾ ਵਾਧਾ
ਨਵੀਂ ਦਿੱਲੀ: ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਚਾਰ ਦਿਨ ਦਾ ਰਿਮਾਂਡ ਵਧਾ ਦਿੱਤਾ ਹੈ। ਕੌਮੀ ਜਾਂਚ ਏਜੰਸੀ (ਐੱਨਆਈਏ) ਇਸ ਮਾਮਲੇ ਦੀ ਗੈਂਗਸਟਰ-ਅਤਿਵਾਦੀ ਗਠਜੋੜ ਦੇ ਪੱਖ ਤੋਂ ਵੀ ਜਾਂਚ ਕਰ ਰਹੀ ਹੈ। ਐੱਨਆਈੲੇ ਨੇ ਦਸ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ। ਕੌਮੀ ਜਾਂਚ ੲੇਜੰਸੀ ਨੇ ਅਦਾਲਤ ਨੂੰ ਉਸ ਦਾ ਦਸ ਦਿਨ ਦਾ ਰਿਮਾਂਡ ਹੋਰ ਦੇਣ ਦੀ ਮੰਗ ਕੀਤੀ। ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਐੱਨਆਈਏ ਨੂੰ ਬਿਸ਼ਨੋਈ ਦਾ ਚਾਰ ਦਿਨ ਦਾ ਰਿਮਾਂਡ ਦੇ ਦਿੱਤਾ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ