ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਸਮਾਪਤ
ਅਰਦਾਸ ਮਗਰੋਂ ਸੰਗਤ ਲਈ ਗੁਰੂਘਰ ਦੇ ਕਿਵਾੜ ਬੰਦ; ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਅਕਤੂਬਰ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ ਸਮਾਪਤ ਹੋ ਗਈ ਹੈ ਅਤੇ ਗੁਰਦੁਆਰੇ ਦੇ ਕਵਿਾੜ ਸੀਤਕਾਲ ਲਈ ਸੰਗਤ ਵਾਸਤੇ ਬੰਦ ਕਰ ਦਿੱਤੇ ਗਏ ਹਨ। ਲਗਪਗ 15,000 ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅੱਜ ਦੁਪਹਿਰ ਸਮਾਪਤੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਤੇ ਹੋਰ ਪਤਵੰਤੇ ਸ਼ਾਮਲ ਸਨ। ਅਰਦਾਸ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਗੁਰਮਤਿ ਮਰਿਆਦਾ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੁੱਖ ਆਸਣ ਵਾਲੇ ਅਸਥਾਨ ’ਤੇ ਲਿਜਾਇਆ ਗਿਆ। ਇਸ ਮੌਕੇ ਫੌਜੀ ਬੈਂਡ ਵੱਲੋਂ ਸ਼ਬਦ ਦੀਆਂ ਧੁਨਾਂ ਵਜਾਈਆਂ ਗਈਆਂ ਅਤੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਤੋਂ ਪਹਿਲਾਂ ਅੱਜ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਸਮਾਪਤੀ ਦੀ ਅਰਦਾਸ ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਕੀਤੀ। ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪੁੱਜਣਾ ਸ਼ੁਰੂ ਹੋ ਗਈ ਸੀ। ਪ੍ਰਬੰਧਕਾਂ ਮੁਤਾਬਕ ਅੱਜ ਯਾਤਰਾ ਦੇ ਆਖਰੀ ਦਿਨ ਲਗਭਗ ਢਾਈ ਹਜ਼ਾਰ ਤੋਂ ਵੱਧ ਸ਼ਰਧਾਲੂ ਹਾਜ਼ਰ ਸਨ। ਅੱਜ ਮੌਸਮ ਸਾਫ਼ ਰਿਹਾ ਅਤੇ ਸੰਗਤਾਂ ਨੇ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ।
ਇਸ ਮੌਕੇ ਭਾਰਤੀ ਫੌਜ ਦੀ 418 ਇੰਡੀਪੈਂਡੈਂਟ ਇੰਜਨੀਅਰ ਰੈਜ਼ੀਮੈਂਟ ਦੇ ਜਵਾਨ ਤੇ ਅਧਿਕਾਰੀ ਵੀ ਹਾਜ਼ਰ ਸਨ, ਜੋ ਹਰ ਸਾਲ ਇਸ ਯਾਤਰਾ ਦੀ ਸ਼ੁਰੂਆਤ ਵੇਲੇ ਬਰਫ਼ ਹਟਾ ਕੇ ਰਸਤੇ ਤਿਆਰ ਕਰਦੇ ਹਨ। ਇਨ੍ਹਾਂ ਜਵਾਨਾਂ ਨੂੰ ਪ੍ਰਬੰਧਕਾਂ ਵੱਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਟਰੱਸਟ ਦੇ ਮੁਖੀ ਸ੍ਰੀ ਬਿੰਦਰਾ ਨੇ ਦੱਸਿਆ ਕਿ ਇਸ ਸਾਲ ਇਹ ਯਾਤਰਾ 20 ਮਈ ਨੂੰ ਆਰੰਭ ਹੋਈ ਸੀ ਅਤੇ ਲਗਭਗ ਚਾਰ ਮਹੀਨੇ 20 ਦਿਨ ਮਗਰੋਂ ਅੱਜ 11 ਅਕਤੂਬਰ ਨੂੰ ਸਮਾਪਤ ਹੋ ਗਈ ਹੈ। ਇਸ ਦੌਰਾਨ ਲਗਭਗ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਲਗਭਗ ਢਾਈ ਲੱਖ ਸ਼ਰਧਾਲੂਆਂ ਨੇ ਮੱਥਾ ਟੇਕਿਆ ਸੀ। ਟਰੱਸਟ ਮੁਖੀ ਨੇ ਦੱਸਿਆ ਕੇ ਟਰੱਸਟ ਵੱਲੋਂ ਰਿਸ਼ੀਕੇਸ਼ ਅਤੇ ਸ੍ਰੀਨਗਰ ਤੋਂ ਅਗਾਂਹ ਇੱਕ ਹੋਰ ਥਾਂ ’ਤੇ ਅੱਠ ਮੰਜ਼ਿਲਾ ਸਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ।

