ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ ਭਖਿਆ
ਇਥੋਂ ਦੇ ਫੇਜ਼ ਅੱਠ ਦੇ ਗੁਰਦੁਆਰਾ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਵੱਲੋਂ ਪਿੰਡ ਸੈਣੀਮਾਜਰਾ (ਪ੍ਰੇਮਗੜ੍ਹ) ਸੈਕਟਰ 101-ਏ ਆਈ ਟੀ ਸਿਟੀ ਵਿੱਚ ਪਿੰਡ ਦੀ ਹਦੂਦ ਅੰਦਰ ਪੈਂਦੀ 44 ਮਰਲੇ ਬਹੁ-ਕੀਮਤੀ ਜ਼ਮੀਨ ਵੇਚਣ ਦਾ ਮਾਮਲਾ ਭਖ ਗਿਆ ਹੈ। ਗੁਰਦੁਆਰੇ ਦੇ ਮੈਨੇਜਰ ਵੱਲੋਂ ਇਸ...
ਇਥੋਂ ਦੇ ਫੇਜ਼ ਅੱਠ ਦੇ ਗੁਰਦੁਆਰਾ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਵੱਲੋਂ ਪਿੰਡ ਸੈਣੀਮਾਜਰਾ (ਪ੍ਰੇਮਗੜ੍ਹ) ਸੈਕਟਰ 101-ਏ ਆਈ ਟੀ ਸਿਟੀ ਵਿੱਚ ਪਿੰਡ ਦੀ ਹਦੂਦ ਅੰਦਰ ਪੈਂਦੀ 44 ਮਰਲੇ ਬਹੁ-ਕੀਮਤੀ ਜ਼ਮੀਨ ਵੇਚਣ ਦਾ ਮਾਮਲਾ ਭਖ ਗਿਆ ਹੈ। ਗੁਰਦੁਆਰੇ ਦੇ ਮੈਨੇਜਰ ਵੱਲੋਂ ਇਸ ਜ਼ਮੀਨ ਦੀ 2-12-2025 ਨੂੰ ਰਜਿਸਟਰੀ ਕਰਵਾਈ ਗਈ ਹੈ। ਇਹ ਜ਼ਮੀਨ 1.32 ਕਰੋੜ ਵਿੱਚ ਵੱਖ-ਵੱਖ ਖਰੀਦਦਾਰਾਂ ਨੂੰ ਵੇਚੀ ਗਈ ਹੈ, ਜਿਸ ਦੀ ਰਜਿਸਟਰੀ ਸਬ-ਰਜਿਸਟਰਾਰ ਦਫ਼ਤਰ ਮੁਹਾਲੀ ’ਚ ਕਰਵਾਈ ਗਈ। ਪਿੰਡ ਦੇ ਵਸਨੀਕਾਂ ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਵੀਰ ਸਿੰਘ ਅਤੇ ਰਣਧੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਇੰਚਾਰਜ ਅਤੇ ਹਲਕੇ ਦੀ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਅੱਜ ਇਸ ਸਬੰਧੀ ਪੱਤਰ ਲਿਖਿਆ। ਉਨ੍ਹਾਂ ਆਪਣੇ ਪੱਤਰ ਵਿੱਚ ਆਖਿਆ ਕਿ ਇਹ ਜ਼ਮੀਨ ਚੁੱਪ ਚੁਪੀਤੇ ਵੇਚੀ ਗਈ ਹੈ ਤੇ ਜ਼ਮੀਨ ਦੀ ਵਿਕਰੀ ਸਬੰਧੀ ਕੋਈ ਇਸ਼ਤਿਹਾਰ ਵੀ ਨਹੀਂ ਦਿੱਤਾ ਗਿਆ। ਉਹ ਖ਼ੁਦ ਇਸ ਜ਼ਮੀਨ ਦੇ ਖੇਵਟਦਾਰ ਸਨ, ਜੇ ਜ਼ਮੀਨ ਦੀ ਖੁੱਲ੍ਹੀ ਬੋਲੀ ਹੁੰਦੀ ਤਾਂ ਇਹ ਜ਼ਮੀਨ 15 ਤੋਂ 20 ਕਰੋੜ ਰੁਪਏ ਦੀ ਕੀਮਤ ਵਿੱਚ ਵਿਕਣੀ ਸੀ। ਬਿਨਾਂ ਕਿਸੇ ਕਮੇਟੀ ਤੋਂ ਜ਼ਮੀਨ ਦੀ ਕੀਤੀ ਗਈ ਇਹ ਵਿਕਰੀ ਵੱਡਾ ਘਪਲਾ ਹੈ। ਉਨ੍ਹਾਂ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਜ਼ਮੀਨ ਦੀ ਰਜਿਸਟਰੀ ਨੂੰ ਤੁਰੰਤ ਰੱਦ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਨੂੰ ਪੱਖ ਜਾਣਨ ਲਈ ਵਾਰ-ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਆਖਿਆ ਕਿ ਅੱਜ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਗੈ਼ਰ-ਕਾਨੂੰਨੀ ਢੰਗ ਨਾਲ ਜ਼ਮੀਨ ਵੇਚੀ ਗਈ ਹੈ। ਇਸ ਮਾਮਲੇ ਸਬੰਧੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਸਤੀਫ਼ਾ ਦੇਵੇ: ਬੀਬੀ ਲਾਂਡਰਾਂ
ਮੁਹਾਲੀ ਹਲਕੇ ਦੀ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਇਹ ਕਰੋੜਾਂ ਦੇ ਘੁਟਾਲੇ ਦਾ ਮਾਮਲਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਨੈਤਿਕ ਤੌਰ ’ਤੇ ਇਸ ਮਾਮਲੇ ਲਈ ਅਸਤੀਫ਼ਾ ਦੇਣਾ ਚਾਹੀਦਾ ਹੈ, ਜੋ ਗੁਰਦੁਆਰਿਆਂ ਦੀਆਂ ਜਾਇਦਾਦਾਂ ਬਚਾਉਣ ਵਿੱਚ ਨਾਕਾਮ ਹੋਏ ਹਨ।
ਮਾਮਲਾ ਪੜਤਾਲੀਆ ਕਮੇਟੀ ਨੂੰ ਸੌਂਪਿਆ: ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਮਾਮਲਾ ਪੜਤਾਲੀਆ ਕਮੇਟੀ ਨੂੰ ਸੌਂਪਿਆ ਗਿਆ ਹੈ ਤੇ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਆਪਣਾ ਪੱਖ ਰੱਖਿਆ ਜਾਵੇਗਾ।

