ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਨਵੰਬਰ
ਇਥੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਹਿੰਮਤਪੁਰਾ ਵਿਖੇ ਕੱਲ੍ਹ ਸ਼ਰਾਬ ਠੇਕੇਦਾਰਾਂ ਨੇ ਛਾਪੇ ਦੌਰਾਨ ਪਿੰਡ ਦੇ ਕਾਂਗਰਸੀ ਪੰਚ ਦੇ ਘਰੋਂ ਚਾਲੂ ਭੱਠ ਫੜੀ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱੱਚ ਪੰਚ ਆਖ ਰਿਹਾ ਹੈ ਕਿ ਉਹ ਪੁਲੀਸ ਮੁਲਾਜ਼ਮਾਂ ਲਈ ਹੀ ਇਹ ਸ਼ਰਾਬ ਤਿਆਰ ਕਰ ਰਿਹਾ ਹੈ। ਕਈ ਘੰਟੇ ਬੀਤਣ ਦੇ ਬਾਵਜੂਦ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਥਾਣਾ ਨਿਹਾਲ ਸਿੰਘ ਵਾਲਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਆਬਕਾਰੀ ਵਿਭਾਗ ਨੇ ਪਰਚਾ ਦਰਜ ਕਰਨ ਲਈ ਕੋਈ ਰੁੱਕਾ ਨਹੀਂ ਭੇਜਿਆ, ਜਦੋਂ ਕਿ ਸ਼ਰਾਬ ਠੇਕੇਦਾਰ ਧਰਮ ਚੰਦ ਸ਼ਰਮਾ ਨੇ ਦੋਸ਼ ਲਾਇਆ ਕਿ ਉਹ ਬਰਾਮਦ ਚਾਲੂ ਭੱਠ ਦਾ ਸਾਮਾਨ, ਗੈਸ ਸਿਲੰਡਰ ਤੇ ਕਰੀਬ 200 ਲਿਟਰ ਲਾਹਣ ਗੱਡੀ ਵਿੱਚ ਲੱਦ ਕੇ ਥਾਣੇ ਲੈ ਕੇ ਗਏ ਸਨ ਪਰ ਚੌੌਕੀ ਇੰਚਾਰਜ ਨੇ ਰਾਜਸੀ ਆਗੂ ਦਾ ਹਵਾਲਾ ਦਿੰਦੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰਦੇ ਸਾਰਾ ਸਾਮਾਨ ਵਾਪਸ ਲਿਜਾਣ ਲਈ ਆਖ ਦਿੱਤਾ ਤਾਂ ਉਨ੍ਹਾਂ ਕਬਜ਼ੇ ਵਿੱਚ ਲਿਆ ਚਾਲੂ ਭੱਠੀ, ਲਾਹਣ ਤੇ ਹਰ ਸਾਮਾਨ ਆਪਣੇ ਕੋਲ ਰੱਖ ਲਿਆ ਹੈ।