ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦੀ ਮਿਟ ਰਹੀ ਹੈ ਵਿਰਾਸਤ
ਸਟੇਸ਼ਨ ਮਾਸਟਰ ਲਈ ਬਣੇ ਆਖ਼ਰੀ ਰਿਹਾਇਸ਼ੀ ਕੁਆਰਟਰਾਂ ਨੂੰ ਢਾਹਿਆ ਜਾ ਰਿਹੈ
ਸਦੀਆਂ ਪੁਰਾਣਾ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਬ੍ਰਿਟਿਸ਼ ਯੁੱਗ ਦੀ ਆਪਣੀ ਪਛਾਣ ਗੁਆਉਂਦਾ ਜਾ ਰਿਹਾ ਹੈ। ਮੁੱਖ ਢਾਂਚੇ ਦਾ ਹਿੱਸਾ ਰਹੇ ਅਖੀਰਲੇ ਰਿਹਾਇਸ਼ੀ ਕੁਆਰਟਰਾਂ ਨੂੰ ਵੀ ਹੁਣ ਢਾਹਿਆ ਜਾ ਰਿਹਾ ਹੈ। ਅਧਿਕਾਰੀਆਂ ਨੇ 14 ਰਿਹਾਇਸ਼ੀ ਕੁਆਰਟਰਾਂ ਵਿੱਚੋਂ ਆਖ਼ਰੀ ਨੂੰ ਵੀ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਿਸੇ ਸਮੇਂ ਇਸ ਵਿੱਚ ਸਟੇਸ਼ਨ ਮਾਸਟਰ ਰਿਹਾ ਕਰਦੇ ਸਨ। ਇੱਕ ਸਮਾਂ ਸੀ ਜਦੋਂ ਲਾਹੌਰ, ਸਿਆਲਕੋਟ, ਕਰਤਾਰਪੁਰ ਸਾਹਿਬ ਅਤੇ ਨਰੋਵਾਲ ਜਾਣ ਵਾਲੀਆਂ ਰੇਲਗੱਡੀਆਂ ਅੱਧੀ ਰਾਤ ਨੂੰ ਸੀਟੀ ਮਾਰਦੀਆਂ ਇਥੋਂ ਲੰਘਦੀਆਂ ਸਨ। ਇਹ ਸਟੇਸ਼ਨ ਬ੍ਰਿਟਿਸ਼ ਸਾਮਰਾਜ ਦੇ ਰਣਨੀਤਕ ਚੌਰਾਹੇ ’ਤੇ ਸਥਿਤ ਸੀ, ਜੋ ਜੰਗ ਦੇ ਨਾਲ-ਨਾਲ ਸ਼ਾਂਤੀ ਦੌਰਾਨ ਪੂਰੇ ਇਲਾਕੇ ਵਿੱਚ ਲੋਕਾਂ ਅਤੇ ਸਮੱਗਰੀ ਲਿਜਾਂਦਾ ਸੀ। ਅੱਜ ਵੇਟਿੰਗ ਰੂਮ, ਸਟਾਕ ਰੂਮ ਅਤੇ ਜਨਰੇਟਰ ਰੂਮ ਦੇ ਬਾਹਰ ਤਾਲੇ ਲਟਕੇ ਹੋਏ ਹਨ। ਕਸਬੇ ਦੇ ਲੋਕਾਂ ਜਿਨ੍ਹਾਂ ਨੇ 2018 ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਨਾਲ ਇਤਿਹਾਸ ਨੂੰ ਮੁੜ ਲਿਖਿਆ ਜਾਂਦਾ ਦੇਖਦਿਆ ਸੀ, ਨੇ ਹੁਣ ਆਪਣੇ ਪਿਆਰੇ ਰੇਲਵੇ ਸਟੇਸ਼ਨ ਨੂੰ ਬਚਾਉਣ ਦੀ ਆਸ ਛੱਡ ਦਿੱਤੀ ਹੈ। ਵਿਰਾਸਤੀ ਇਮਾਰਤਾਂ ਦੀ ਦੇਖਭਾਲ ਕਰਨ ਵਾਲੀ ਸੰਸਥਾ ਵਿਰਾਸਤੀ ਮੰਚ, ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਦੱਸਿਆ, ‘‘ਇਹ ਸਾਡੇ ਲਈ ਦੁਖਦਾਈ ਦਿਨ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਸਾਡੀਆਂ ਕੋਸ਼ਿਸ਼ਾਂ ਅਸਫਲ ਰਹੀਆਂ।’’ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦਾ ਜੱਦੀ ਪਿੰਡ ਧਰੋਵਾਲੀ ਸਟੇਸ਼ਨ ਨੇੜੇ ਹੈ, ਨੇ ਕਿਹਾ, ‘‘ਇਹ ਸ਼ਾਨਦਾਰ ਇਮਾਰਤ, ਜਿਸ ਨਾਲ ਹਜ਼ਾਰਾਂ ਕਹਾਣੀਆਂ ਜੁੜੀਆਂ ਹੋਈਆਂ ਹਨ, ਹੁਣ ਅੰਤ ਵਿੱਚ ਢਹਿ ਜਾਵੇਗੀ ਅਤੇ ਇਸ ਦੇ ਨਾਲ ਹੀ ਵਿਰਾਸਤ ਖ਼ਤਮ ਹੋ ਜਾਵੇਗੀ।’’ ਪਾਕਿਸਤਾਨ ਲਈ ਆਖ਼ਰੀ ਰੇਲਗੱਡੀ ਇਸ ਸਟੇਸ਼ਨ ਤੋਂ ਸਤੰਬਰ 1947 ਦੇ ਅੰਤ ਵਿੱਚ ਰਵਾਨਾ ਹੋਈ ਸੀ। ਬਾਅਦ ਵਿੱਚ, ਪਾਕਿਸਤਾਨ ਵੱਲ ਜਾਣ ਵਾਲੀ ਨੈਰੋ-ਗੇਜ ਪਟੜੀ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਅਤੇ ਸਟੇਸ਼ਨ ਨੂੰ ਟਰਮੀਨਸ ਐਲਾਨ ਦਿੱਤਾ ਗਿਆ।

