ਦਵਿੰਦਰ ਪਾਲ
ਚੰਡੀਗੜ੍ਹ, 20 ਮਾਰਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਸਮਰਪਿਤ ਤਕਨੀਕੀ ਯੂਨਿਟ, ਨਾਰਕੋਟਿਕਸ ਯੂਨਿਟ, ਸੋਸ਼ਲ ਮੀਡੀਆ ਯੂਨਿਟ ਅਤੇ ਸਾਬੋਤਾਜ ਵਿਰੋਧੀ ਨਿਗਰਾਨ ਟੀਮਾਂ ਹੋਣਗੀਆਂ ਜਿਸ ਨਾਲ ਸੂਬੇ ਦੀ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਹੋਰ ਮਜ਼ਬੂਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਚਾਰ ਸਾਲਾਂ ਦੇ ਸਮੇਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਸਥਿਰ ਬਣਾਉਣ ਮਗਰੋਂ ਉਨ੍ਹਾਂ ਦੀ ਸਰਕਾਰ ਕਾਨੂੰਨ ਲਾਗੂ ਕਰਨ ਵਾਲੀ ਸ਼ਕਤੀ ਨੂੰ ਹੋਰ ਕਾਰਗਰ ਬਣਾ ਰਹੀ ਹੈ ਜਿੱਥੇ ਡਿਜੀਟਲ ਤੇ ਸਾਈਬਰ ਅਪਰਾਧ ਵਰਗੇ ਨਵੇਂ ਯੁੱਗ ਦੇ ਜੁਰਮਾਂ ਵੱਲ ਕੇਂਦਰਿਤ ਕੀਤਾ ਜਾਵੇਗਾ ਅਤੇ ਔਰਤਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੀ ਸੁਰੱਖਿਆ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ੇਸ਼ ਜੁਰਮਾਂ ਨਾਲ ਨਜਿੱਠਣ ਲਈ 3,100 ਡੋਮੇਨ ਮਾਹਿਰਾਂ ਤੋਂ ਇਲਾਵਾ ਸਬ-ਇੰਸਪੈਕਟਰ ਤੇ ਕਾਂਸਟੇਬਲ ਦੇ ਪੱਧਰ ’ਤੇ 10,000 ਪੁਲੀਸ ਕਰਮਚਾਰੀ ਭਰਤੀ ਕੀਤੇ ਜਾਣਗੇ ਜਿਨ੍ਹਾਂ ਵਿਚੋਂ 33 ਫ਼ੀਸਦੀ ਮਹਿਲਾਵਾਂ ਹੋਣਗੀਆਂ ਤਾਂ ਕਿ ਜ਼ਮੀਨੀ ਪੱਧਰ ’ਤੇ ਫੋਰਸ ਵਧਾਉਣ ਦੇ ਨਾਲ-ਨਾਲ ਪ੍ਰਭਾਵੀ ਪੁਲੀਸਿੰਗ ਨੂੰ ਯਕੀਨੀ ਬਣਾਇਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਅਪਰਾਧ ਦੇ ਬਦਲ ਰਹੇ ਤੌਰ-ਤਰੀਕਿਆਂ ਦੇ ਨਾਲ ਜੁਰਮਾਂ ਦੀ ਰੋਕਥਾਮ ਅਤੇ ਪੜਤਾਲ ਪ੍ਰਭਾਵੀ ਤਰੀਕੇ ਨਾਲ ਕਰਨ ਵਾਸਤੇ ਡੋਮੇਨ ਮਾਹਿਰਾਂ ਦੇ ਸਹਿਯੋਗ ਲਈ ਪੰਜਾਬ ਪੁਲੀਸ ਵੱਲੋਂ ਛੇਤੀ ਹੀ 3,100 ਵਿਸ਼ੇਸ਼ ਪੁਲੀਸ ਅਫਸਰਾਂ ਅਤੇ ਡੋਮੇਨ ਮਾਹਿਰਾਂ ਦੀ ਭਰਤੀ ਕੀਤੀ ਜਾਵੇਗੀ ਜੋ ਕਾਨੂੰਨ, ਫੋਰੈਂਸਿਕ, ਡਿਜੀਟਲ ਫੋਰੈਂਸਿਕ, ਸੂਚਨਾ ਤਕਨਾਲੋਜੀ, ਡਾਟਾ ਮਾਈਨਿੰਗ, ਸਾਈਬਰ ਸੁਰੱਖਿਆ, ਖੁਫ਼ੀਆ ਅਧਿਐਨ, ਮਨੁੱਖੀ ਵਸੀਲੇ ਪ੍ਰਬੰਧਨ ਤੇ ਵਿਕਾਸ ਅਤੇ ਸੜਕ ਸੁਰੱਖਿਆ ਯੋਜਨਾ ਤੇ ਇੰਜਨੀਅਰਿੰਗ ਨਾਲ ਸਬੰਧਤ ਹੈ। ਮੁੱਖ ਮੰਤਰੀ ਮੁਤਾਬਕ ਪੁਲੀਸ ਫੋਰਸ ’ਚ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਉਲੀਕੇ ਗਏ ਇਸ ਕਦਮ ਨਾਲ ਪੰਜਾਬ ਡੋਮੇਨ ਮਾਹਿਰਾਂ ਦੀਆਂ ਸੇਵਾਵਾਂ ਹਾਸਲ ਕਰਨ ਵਾਲਾ ਮੁਲਕ ਦਾ ਪਹਿਲਾ ਸੂਬਾ ਹੋਵੇਗਾ। ਇਨ੍ਹਾਂ ਪਹਿਲਕਦਮੀਆਂ ਦਾ ਵੇਰਵਾ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਡੋਮੇਨ ਮਾਹਿਰਾਂ ਵਿੱਚ ਤਕਰੀਬਨ 6,00 ਲਾਅ ਗਰੈਜੂਏਟ, 4,50 ਕਰਾਈਮ ਸੀਨ ਜਾਂਚਕਰਤਾ, ਕਾਨੂੰਨ, ਕਾਮਰਸ, ਡੇਟਾ ਮਾਈਨਿੰਗ, ਡੇਟਾ ਅਨੈਲਸਿਸ ਵਿੱਚ ਤਜਰਬੇ ਤੇ ਵਿਸ਼ੇਸ਼ ਯੋਗਤਾ ਵਾਲੇ 1,350 ਆਈ.ਟੀ. ਮਾਹਿਰ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਸਾਈਬਰ ਜਾਸੂਸੀ, ਵਿੱਤੀ ਜਾਸੂਸੀ, ਕਤਲ ਕੇਸਾਂ ਵਿੱਚ ਜਾਸੂਸੀ, ਜਿਣਸੀ ਹਮਲੇ ਤੇ ਬਲਾਤਕਾਰ ਦੇ ਕੇਸਾਂ ਵਿੱਚ ਜਾਸੂਸੀ ਲਈ ਲਾਇਆ ਜਾਵੇਗਾ।
ਪੰਜਾਬ ਸਰਕਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਫੈਮਿਲੀ ਕਾਊਂਸਲਿੰਗ ਸੈਂਟਰਾਂ ਅਤੇ ਮਹਿਲਾ ਹੈਲਪਡੈਸਕਾਂ ’ਤੇ ਤਾਇਨਾਤੀ ਲਈ 460 ਦੇ ਕਰੀਬ ਸਿੱਖਿਅਤ ਤੇ ਯੋਗਤਾ ਪ੍ਰਾਪਤ ਕਾਊਂਸਲਰ, ਕਲੀਨੀਕਲ ਸਾਈਕੋਲੋਜਿਸਟ ਤੇ ਵਿਕਟਮ ਸਪੋਰਟ ਅਫ਼ਸਰਾਂ ਦੀ ਵੀ ਭਰਤੀ ਕਰੇਗੀ। ਉਨ੍ਹਾਂ ਦੱਸਿਆ ਕਿ 3,400 ਨਵੀਆਂ ਮਹਿਲਾ ਪੁਲੀਸ ਮੁਲਾਜ਼ਮਾਂ ਭਰਤੀ ਕੀਤੀਆਂ ਜਾਣਗੀਆਂ।
ਵਿਮੈੱਨ ਹੈਲਪ ਡੈਸਕਾਂ ’ਤੇ ਤਾਇਨਾਤ ਹੋਣਗੀਆਂ ਮਹਿਲਾ ਮੁਲਾਜ਼ਮ
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਿਆਦਾਤਰ ਸਬ ਇੰਸਪੈਕਟਰ ਤੇ ਕਾਂਸਟੇਬਲ ਦੇ ਰੈਂਕ ’ਤੇ ਭਰਤੀ ਕੀਤੀਆਂ ਜਾਣ ਵਾਲੀਆਂ ਇਹ ਮਹਿਲਾ ਮੁਲਾਜ਼ਮ ਪੰਜਾਬ ਪੁਲੀਸ ਵਿੱਚ ਭਰਤੀ ਕੀਤੇ ਜਾਣ ਵਾਲੇ 10 ਹਜ਼ਾਰ ਮੁਲਾਜ਼ਮਾਂ ਹਿੱਸਾ ਹੋਣਗੀਆਂ। ਵੂਮੈੱਨ ਹੈਲਪ ਡੈਸਕਾਂ ’ਤੇ ਤੈਨਾਤ ਇਹ ਮਹਿਲਾ ਪੁਲੀਸ ਅਫ਼ਸਰ ਸਬੰਧਤ ਇਲਾਕੇ ਵਿੱਚ ਰਹਿ ਰਹੀਆਂ ਔਰਤਾਂ ਲਈ ਇੱਕੋ-ਇਕ ਸੰਪਰਕ ਸੂਤਰ ਵਜੋਂ ਕੰਮ ਕਰਨਗੀਆਂ। ਇਨ੍ਹਾਂ ਪੁਲੀਸ ਅਫ਼ਸਰਾਂ ਦੇ ਨਾਂ ਤੇ ਫੋਨ ਨੰਬਰ ਪੰਜਾਬ ਪੁਲੀਸ ਦੀ ਵੈੱਬਸਾਈਟ ’ਤੇ ਦਰਸਾਏ ਜਾਣਗੇ। ਪੰਜਾਬ ਸਰਕਾਰ ਫੈਮਿਲੀ ਕਾਊਂਸਲਿੰਗ ਸੈਂਟਰਾਂ ਤੇ ਵੂਮੈਨ ਹੈਲਪ ਡੈਸਕਾਂ ’ਤੇ ਤੈਨਾਤੀ ਲਈ 460 ਸਿੱਖਿਅਤ ਅਤੇ ਯੋਗਤਾ ਪ੍ਰਾਪਤ ਕਾਊਂਸਲਰ, ਕਲੀਨੀਕਲ ਸਾਈਕੋਲੋਜਿਸਟ ਅਤੇ ਕਮਿਊਨਿਟੀ ਐਂਡ ਵਿਕਟਮ ਸਪੋਰਟ ਅਫਸਰਾਂ ਦੀ ਵੀ ਭਰਤੀ ਕਰੇਗੀ।