- ਸਿਖਲਾਈ ਲੈ ਰਹੇ 741 ਨਵੇਂ ਪਟਵਾਰੀ ਕੀਤੇ ਜਾਣਗੇ ਤਾਇਨਾਤ
- 710 ਨੂੰ ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ
- ਬਾਇਓਮੀਟਰਿਕ ਰਾਹੀਂ ਲੱਗੇਗੀ ਪਟਵਾਰੀਆਂ ਦੀ ਹਾਜ਼ਰੀ
- ਸੂਬੇ ਦੇ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਹੋਣ ਦੇਵਾਂਗੇ: ਭਗਵੰਤ ਮਾਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਸਤੰਬਰ
ਪੰਜਾਬ ’ਚ ਪਟਵਾਰੀਆਂ ਵੱਲੋਂ ਦੋ ਦਿਨਾਂ ਤੋਂ 3193 ਮਾਲ ਹਲਕਿਆਂ ਦਾ ਕੰਮਕਾਜ ਬੰਦ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤ ਰੁਖ਼ ਅਖਤਿਆਰ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਵਾਰੀਆਂ ਦੀਆਂ 586 ਅਸਾਮੀਆਂ ਭਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਲ ਅਫਸਰਾਂ ਦੀ ਜ਼ਿੱਦ ਕਾਰਨ ਆਮ ਆਦਮੀ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਹੜਤਾਲੀ ਪਟਵਾਰੀਆਂ ਦੀ ਮਨਮਰਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਮਾਨ ਨੇ ਕਿਹਾ ਕਿ ਪਟਵਾਰੀਆਂ ਦੀ ਹਾਜ਼ਰੀ ਬਾਇਓਮੀਟਰਿਕ ਰਾਹੀਂ ਲਗੇਗੀ ਅਤੇ ਹਰੇਕ ਪਟਵਾਰੀ ਨੂੰ ਸਵੇਰੇ ਆਉਣ ਸਮੇਂ ਤੇ ਸ਼ਾਮ ਨੂੰ ਜਾਣ ਸਮੇਂ ਹਾਜ਼ਰੀ ਲਗਾਉਣੀ ਲਾਜ਼ਮੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੀ ਹੜਤਾਲ ਕਾਰਨ ਆਮ ਆਦਮੀ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਟਵਾਰੀਆਂ ਦੀਆਂ ਕੁੱਲ 3660 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 1623 ਅਸਾਮੀਆਂ ਭਰੀਆਂ ਹੋਈਆਂ ਹਨ। ਸੂਬਾ ਸਰਕਾਰ ਨੇ ਬਾਕੀ 2037 ਆਸਾਮੀਆਂ ਭਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ 2037 ਅਸਾਮੀਆਂ ਵਿੱਚੋਂ 741 ਪਟਵਾਰੀਆਂ ਨੇ 18 ਮਹੀਨਿਆਂ ਵਿੱਚੋਂ 15 ਮਹੀਨਿਆਂ ਦੀ ਸਿਖਲਾਈ ਪੂਰੀ ਕਰ ਲਈ ਹੈ ਤੇ ਇਨ੍ਹਾਂ ਨੂੰ ਫੀਲਡ ’ਚ ਉਤਾਰਿਆ ਜਾਵੇਗਾ। ਇਸ ਤੋਂ ਇਲਾਵਾ ਪਟਵਾਰੀ ਦੀਆਂ 710 ਅਸਾਮੀਆਂ ਦੀ ਭਰਤੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੂੰ ਵੀ ਜਲਦ ਹੀ ਨਿਯੁਕਤੀ ਪੱਤਰ ਸੌਂਪ ਦਿੱਤੇ ਜਾਣਗੇ। ਆਪਣਾ ਕੰਮ ਕਰਵਾਉਣ ਲਈ ਪਟਵਾਰੀਆਂ ਵੱਲੋਂ ਅੱਗੇ ਕੁਝ ਹੋਰ ਬੰਦੇ ਰੱਖਣ ਦੇ ਰੁਝਾਨ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀਆਂ ਦੀ ਬਾਇਓ ਮੀਟਰਿਕ ਹਾਜ਼ਰੀ ਯਕੀਨੀ ਬਣਾਈ ਜਾਵੇਗੀ।
ਅਸਾਮੀਆਂ 4716 ਅਤੇ ਪਟਵਾਰੀ 1593: ਯੂਨੀਅਨ
ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸਾਮੀਆਂ ਭਰਨ ਦਾ ਐਲਾਨ ਕੀਤੇ ਜਾਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਨਹੀਂ ਕੀਤਾ ਕਿ ਪਟਵਾਰੀਆਂ ਨੂੰ 15 ਮਹੀਨੇ ਦੀ ਸਿਖਲਾਈ ਦੌਰਾਨ ਤਨਖਾਹ 5 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇਗਾ ਜਾਂ ਪੂਰੀ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਟਵਾਰੀਆਂ ਦੀਆਂ 4716 ਅਸਾਮੀਆਂ ’ਤੇ 1593 ਜਣੇ ਕੰਮ ਕਰ ਰਹੇ ਹਨ। ਪੰਜਾਬ ਦੀ ਅਫ਼ਸਰਸ਼ਾਹੀ ਮੁੱਖ ਮੰਤਰੀ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਟਵਾਰੀਆਂ ਦਾ ਸਾਰਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ। ਇਸ ਲਈ ਸਾਰੇ ਪਟਵਾਰੀਆਂ ਕੋਲ ਲੈੈਪਟਾਪ ਤੇ ਬਾਇਓ ਮੀਟਰਿਕ ਵੀ ਹਨ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਜ਼ਿਲ੍ਹੇ 12 ਤੋਂ ਵੱਧ ਕੇ 23 ਹੋ ਚੁੱਕੇ ਹਨ, ਜਦਕਿ ਪਟਵਾਰੀਆਂ ਦੀਆਂ ਪੋਸਟਾਂ 4716 ਹੀ ਹਨ। ਉਨ੍ਹਾਂ ਮੰਗ ਕੀਤੀ ਕਿ ਪਟਵਾਰੀਆਂ ਦੀਆਂ ਅਸਾਮੀਆਂ 7500 ਹੋਣੀ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੂਬਾ ਸਰਕਾਰ ਯੂਨੀਅਨ ਦੀਆਂ ਮੰਗਾਂ ਨਹੀਂ ਮੰਨਦੀ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।