‘ਆਪ’ ਸਰਕਾਰ ਦਾ ਪਲੇਠਾ ਬਜਟ ਸੈਸ਼ਨ ਅੱਜ ਤੋਂ

ਬਜਟ ਸੈਸ਼ਨ ਦਾ ਹੋਵੇਗਾ ਸਿੱਧਾ ਪ੍ਰਸਾਰਨ; ਵਿੱਤ ਮੰਤਰੀ ਹਰਪਾਲ ਚੀਮਾ 27 ਨੂੰ ਕਰਨਗੇ ਬਜਟ ਪੇਸ਼

‘ਆਪ’ ਸਰਕਾਰ ਦਾ ਪਲੇਠਾ ਬਜਟ ਸੈਸ਼ਨ ਅੱਜ ਤੋਂ

ਚਰਨਜੀਤ ਭੁੱਲਰ
ਚੰਡੀਗੜ੍ਹ, 23 ਜੂਨ

ਮੁੱਖ ਅੰਸ਼

  • ਬਜਟ ਸਿਹਤ ਤੇ ਸਿੱਖਿਆ ’ਤੇ ਕੇਂਦਰਿਤ ਰਹਿਣ ਦੀ ਸੰਭਾਵਨਾ
  • ‘ਇੱਕ ਵਿਧਾਇਕ-ਇਕ ਪੈਨਸ਼ਨ’ ਸਮੇਤ ਕਈ ਅਹਿਮ ਬਿੱਲ ਹੋਣਗੇ ਪੇਸ਼
  • ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਘੜੀ

‘ਆਪ’ ਸਰਕਾਰ ਦਾ ਪਲੇਠਾ ਬਜਟ ਸੈਸ਼ਨ 24 ਜੂਨ ਤੋਂ ਸ਼ੁਰੂ ਹੋ ਰਿਹਾ ਹੈ| 16ਵੀਂ ਵਿਧਾਨ ਸਭਾ ਦਾ ਇਹ ਬਜਟ ਸੈਸ਼ਨ 24 ਤੋਂ 30 ਜੂਨ ਤੱਕ ਚੱਲੇਗਾ ਅਤੇ 27 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿੱਤੀ ਵਰ੍ਹੇ 2022-23 ਦਾ ਬਜਟ ਪੇਸ਼ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਬਜਟ ਸੈਸ਼ਨ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੋਕ ਘਰਾਂ ’ਚ ਬੈਠ ਕੇ ਦੇਖ ਸਕਣਗੇ। ਪੰਜਾਬੀਆਂ ਦੀ ਨਜ਼ਰ ‘ਆਪ’ ਸਰਕਾਰ ਦੇ ਬਜਟ ’ਤੇ ਰਹੇਗੀ ਕਿਉਂਕਿ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਕਈ ਗਰੰਟੀਆਂ ਦਿੱਤੀਆਂ ਸਨ। ਵੇਰਵਿਆਂ ਅਨੁਸਾਰ ਬਜਟ ਇਸ ਵਾਰ ਸਿੱਖਿਆ ਅਤੇ ਸਿਹਤ ’ਤੇ ਕੇਂਦਰਿਤ ਰਹਿਣ ਦੀ ਸੰਭਾਵਨਾ ਹੈ। ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਪੰਡ ਨੂੰ ਨਵੀਂ ਸਰਕਾਰ ਕਿਵੇਂ ਨਜਿੱਠੇਗੀ, ਇਸ ਦਾ ਝਲਕਾਰਾ ਵੀ ਬਜਟ ’ਚੋਂ ਪਏਗਾ।

ਵਿਰੋਧੀ ਧਿਰ ਕਾਂਗਰਸ ਵੱਲੋਂ ਸੈਸ਼ਨ ਦੌਰਾਨ ਸੂਬੇ ਵਿਚਲੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਹੰਗਾਮਾ ਕੀਤੇ ਜਾਣ ਦੀ ਸੰਭਾਵਨਾ ਹੈ। ਵੱਡੇ ਸਿਆਸੀ ਆਗੂ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਆਦਿ ਦੀ ਸੈਸ਼ਨ ਵਿਚ ਗ਼ੈਰ-ਹਾਜ਼ਰੀ ਰੜਕੇਗੀ। ਸੈਸ਼ਨ ਦੌਰਾਨ ਰਵਾਇਤੀ ਸਿਆਸੀ ਭੇੜ ਐਤਕੀਂ ਗਾਇਬ ਰਹੇਗਾ। ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਿਧਾਇਕ ਹੀ ਸੈਸ਼ਨ ’ਚ ਹਾਜ਼ਰੀ ਭਰਨਗੇ। ‘ਆਪ’ ਸਰਕਾਰ ਦੇ ਨਵੇਂ ਵਜ਼ੀਰਾਂ ਲਈ ਬਜਟ ਸੈਸ਼ਨ ਪਰਖ ਵਾਲਾ ਹੋਵੇਗਾ ਕਿਉਂਕਿ ਵਿਰੋਧੀ ਧਿਰ ’ਚ ਸਿਆਸਤ ਦੇ ਪੁਰਾਣੇ ਖਿਡਾਰੀ ਮੌਜੂਦ ਹੋਣਗੇ।

ਬਜਟ ਸੈਸ਼ਨ ਦੇ ਪਹਿਲੇ ਦਿਨ 24 ਜੂਨ ਨੂੰ ਸੈਸ਼ਨ 11 ਵਜੇ ਸ਼ੁਰੂ ਹੋਵੇਗਾ ਅਤੇ ਇਸ ਮੌਕੇ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੌਕੇ ਮੌਜੂਦ ਰਹਿਣਗੇ। ਸਦਨ ਵਿੱਚ 11 ਸ਼ਖ਼ਸੀਅਤਾਂ ਨੂੰ ਯਾਦ ਕੀਤਾ ਜਾਵੇਗਾ। ਗਾਇਕ ਸਿੱਧੂ ਮੂਸੇਵਾਲਾ ਨੂੰ ਵੀ ਸਦਨ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸੇ ਤਰ੍ਹਾਂ ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਬਾਦਲ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਵਿਧਾਇਕ ਸੁਖਦੇਵ ਸਿੰਘ ਸੁਖਲੱਧੀ ਤੇ ਸ਼ਿੰਗਾਰਾ ਰਾਮ ਸਹੂੰਗੜਾ, ਤਾਰਾ ਸਿੰਘ, ਸਵਰਨ ਸਿੰਘ, ਕਰੋੜਾ ਸਿੰਘ ਤੇ ਸੁਖਰਾਜ ਸਿੰਘ ਸੰਧਾਵਾਲੀਆ (ਸੁਤੰਤਰਤਾ ਸੰਗਰਾਮੀ) ਤੋਂ ਇਲਾਵਾ ਅਰਜੁਨ ਐਵਾਰਡੀ ਗੁਰਚਰਨ ਸਿੰਘ ਭੰਗੂ ਅਤੇ ਹਰੀ ਚੰਦ ਨੂੰ ਵੀ ਯਾਦ ਕੀਤਾ ਜਾਵੇਗਾ।

ਬਜਟ ਸੈਸ਼ਨ ਦੇ ਪਹਿਲੇ ਦਿਨ ਦੁਪਹਿਰ ਮਗਰੋਂ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦੀ ਮਤਾ ਪੇਸ਼ ਕੀਤਾ ਜਾਵੇਗਾ ਭਾਸ਼ਣ ’ਤੇ ਬਹਿਸ ਹੋਵੇਗੀ। ਇਸ ਬਜਟ ਸ਼ੈਸ਼ਨ ਵਿਚ ‘ਆਪ’ ਸਰਕਾਰ ਵੱਲੋਂ ਅਹਿਮ ਬਿੱਲ ਵੀ ਲਿਆਂਦੇ ਜਾ ਰਹੇ ਹਨ ਜਿਨ੍ਹਾਂ ਵਿਚ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਅਤੇ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦਾ ਬਿੱਲ ਵੀ ਸ਼ਾਮਿਲ ਹੈ। ਦੂਸਰੇ ਪਾਸੇ ਅੱਜ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ’ਚ ਬਜਟ ਸੈਸ਼ਨ ਲਈ ਰਣਨੀਤੀ ਤੈਅ ਕੀਤੀ ਗਈ। ਬਜਟ ਸੈਸ਼ਨ ਦੌਰਾਨ ਉਠਾਏ ਜਾਣ ਵਾਲੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਇਲਾਵਾ ਤਕਰੀਬਨ ਸਾਰੇ ਕਾਂਗਰਸੀ ਵਿਧਾਇਕ ਮੀਟਿੰਗ ਵਿਚ ਸ਼ਾਮਿਲ ਹੋਏ।

ਐਤਕੀਂ ਮਿਸਟਰ ਨਹੀਂ, ‘ਮਾਣਯੋਗ’ ਸਪੀਕਰ

ਪੰਜਾਬ ਵਿਧਾਨ ਸਭਾ ਦੇ ਸਦਨ ’ਚ ਜੋ ‘ਮਿਸਟਰ ਸਪੀਕਰ’ ਦੇ ਸੱਦੇ ਨਾਲ ਸਪੀਕਰ ਦੀ ਆਮਦ ਹੁੰਦੀ ਹੈ, ਉਸ ਦੀ ਥਾਂ ਐਤਕੀਂ ‘ਮਾਣਯੋਗ ਸਪੀਕਰ’ ਆਖ ਕੇ ਸੱਦਾ ਦਿੱਤਾ ਜਾਵੇਗਾ। ਪੁਰਾਣੇ ਸਮਿਆਂ ਤੋਂ ਇਹ ਰਵਾਇਤ ਚੱਲੀ ਆ ਰਹੀ ਹੈ ਜਿਸ ’ਚ ਹੁਣ ਬਦਲਾਅ ਕੀਤਾ ਗਿਆ ਹੈ। ਬੇਸ਼ੱਕ ਬਜਟ ਸੈਸ਼ਨ ਪੂਰੀ ਤਰ੍ਹਾਂ ਕਾਗਜ਼ ਰਹਿਤ ਨਹੀਂ ਹੋਵੇਗਾ ਪ੍ਰੰਤੂ ਫਿਰ ਬਜਟ ਮੋਬਾਈਲ ਐੱਪ ’ਤੇ ਮੁਹੱਈਆ ਕਰਾਇਆ ਜਾਵੇਗਾ। ਇਹ ਵੀ ਪਹਿਲੀ ਵਾਰ ਹੈ ਕਿ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਦੁਪਹਿਰ ਸਮੇਂ ਦੂਸਰੀ ਬੈਠਕ ਰੱਖੀ ਗਈ ਹੈ।

ਸੰਵਾਦ ਲਈ ਪੂਰਾ ਮੌਕਾ ਦਿਆਂਗੇ: ਸੰਧਵਾਂ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੈਸ਼ਨ ਦਾ ਸਿੱਧਾ ਪ੍ਰਸਾਰਨ ਹੋਵੇਗਾ ਅਤੇ ਬਜਟ ਸੈਸ਼ਨ ਨਿਰੋਲ ਪੰਜਾਬੀ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਸਿਫਰ ਕਾਲ ਵਿਚ ਮੁੱਦੇ ਉਠਾਏ ਜਾਂਦੇ ਹਨ, ਉਨ੍ਹਾਂ ਮੁੱਦਿਆਂ ਦਾ ਜਵਾਬ ਸਰਕਾਰ ਤੋਂ ਮਗਰੋਂ ਦਿਵਾਇਆ ਜਾਵੇਗਾ। ਸੰਧਵਾਂ ਨੇ ਕਿਹਾ ਕਿ ਸਾਰੀਆਂ ਧਿਰਾਂ ਨੂੰ ਬਣਦਾ ਸਮਾਂ ਦਿੱਤਾ ਜਾਵੇਗਾ ਤਾਂ ਜੋ ਪਵਿੱਤਰ ਸਦਨ ਵਿਚ ਸੰਵਾਦ ਦਾ ਮਾਹੌਲ ਸਿਰਜਿਆ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All