Zee5 ਉੱਤੇ ਹਟਾਏ ਜਾਣ ਮਗਰੋਂ ਸੋਸ਼ਲ ਮੀਡੀਆ 'ਤੇ ਆਮ ਮਿਲ ਰਹੀ ਹੈ ਫ਼ਿਲਮ 'ਸਤਲੁਜ'
ਕਈ ਸੋਸ਼ਲ ਮੀਡੀਆ ਪ੍ਰੋਫਾਈਲਾਂ 'ਤੇ ਵੀ ਸਿੱਧੀ ਅਪਲੋਡ ਕੀਤੀ ਹੋਈ ਹੈ ਫ਼ਿਲਮ
ਫ਼ਿਲਮ 'ਪੰਜਾਬ 95' ਨੂੰ 'ਸਤਲੁਜ' ਦੇ ਨਾਮ ਹੇਠ ਜ਼ੀ-5 (Zee5) ਓ ਟੀ ਟੀ ਪਲੇਟਫਾਰਮ 'ਤੇ ਰਿਲੀਜ਼ ਕੀਤੇ ਜਾਣ ਤੋਂ ਮਹਿਜ਼ ਦੋ ਦਿਨ ਬਾਅਦ ਹੀ ਹਟਾਏ ਜਾਣ ਕਾਰਨ, ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਹੀ ਹੈ।
ਇਸੇ ਦਰਮਿਆਨ ਵਟਸਐਪ (WhatsApp) ਗਰੁੱਪਾਂ, ਫੇਸਬੁੱਕ ਅਤੇ ਐਕਸ (ਟਵਿੱਟਰ) ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਹ ਫ਼ਿਲਮ ਆਮ ਉਪਲਬਧ ਹੈ। ਲੋਕਾਂ ਵੱਲੋਂ ਅਜਿਹੇ ਮੈਸੇਜ ਅਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ ਕਿ ਜੇਕਰ ਕਿਸੇ ਨੂੰ ਇਹ ਫ਼ਿਲਮ ਚਾਹੀਦੀ ਹੈ ਤਾਂ ਦੱਸੋ, ਅਤੇ ਮੰਗ ਕਰਨ ਵਾਲੇ ਨੂੰ ਤੁਰੰਤ ਵਧੀਆ ਗੁਣਵੱਤਾ (HD Quality) ਵਾਲੇ ਪ੍ਰਿੰਟ ਵਿੱਚ ਫ਼ਿਲਮ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਇੱਥੋਂ ਤੱਕ ਕਿ ਕਈ ਸੋਸ਼ਲ ਮੀਡੀਆ ਪ੍ਰੋਫਾਈਲਾਂ 'ਤੇ ਵੀ ਇਹ ਫ਼ਿਲਮ ਸਿੱਧੀ ਅਪਲੋਡ ਕੀਤੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਹ ਫ਼ਿਲਮ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦਾ ਮੁੱਖ ਕਿਰਦਾਰ (ਰੋਲ) ਅਦਾ ਕੀਤਾ ਹੈ।
ਪਹਿਲਾਂ ਵੀ ਇਹ ਫ਼ਿਲਮ ਚਾਰ ਸਾਲ ਰਿਲੀਜ਼ ਹੋਣ ਤੋਂ ਅਟਕੀ ਰਹੀ ਅਤੇ ਹੁਣ ਜ਼ੀ-5 (Zee5) ਵੱਲੋਂ ਇਸ ਨੂੰ ਆਪਣੇ ਓ ਟੀ ਟੀ (OTT) ਪਲੇਟਫਾਰਮ 'ਤੇ ਰਿਲੀਜ਼ ਕਰਨ ਦੇ ਮਹਿਜ਼ ਦੋ ਦਿਨ ਬਾਅਦ ਹੀ ਭਾਰਤ ਵਿੱਚੋਂ ਇਸ ਨੂੰ ਹਟਾ ਲਿਆ ਗਿਆ ਹੈ।
