ਲੁਧਿਆਣਾ (ਗੁਰਿੰਦਰ ਸਿੰਘ):
ਇਥੇ ਖੇਤੀ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੀਟਿੰਗ ਵਾਲੀ ਥਾਂ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੋਦੀ ਸਰਕਾਰ ਅਤੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਦੱਸਣਯੋਗ ਹੈ ਕਿ ਸ੍ਰੀ ਸ਼ਰਮਾ ਫਿਰੋਜ਼ਪੁਰ ਰੋਡ ਸਥਿਤ ਇੱਕ ਹੋਟਲ ਵਿੱਚ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਵਰਕਰ ਜਿਉਂ ਹੀ ਹੋਟਲ ਨੇੜੇ ਪੁੱਜੇ ਤਾਂ ਏਸੀਪੀ ਸੁਰਿੰਦਰ ਮੋਹਨ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ ਤੇ ਕਿਸਾਨ ਆਗੂਆਂ ਦੀ ਪੁਲੀਸ ਨਾਲ ਬਹਿਸਬਾਜ਼ੀ ਤੇ ਮਾਮੂਲੀ ਖਿੱਚ ਧੂਹ ਵੀ ਹੋਈ। ਇਸ ਦੌਰਾਨ ਪੁਲੀਸ ਰੋਕਾਂ ਨੂੰ ਵੇਖਦਿਆਂ ਕਿਸਾਨ ਆਗੂ ਸੜਕ ’ਤੇ ਹੀ ਧਰਨਾ ਲਾ ਕੇ ਬੈਠ ਗਏ। ਦੂਜੇ ਪਾਸੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ।