ਦਵਿੰਦਰ ਪਾਲ
ਚੰਡੀਗੜ੍ਹ, 1 ਜਨਵਰੀ
ਨਵੇਂ ਸਾਲ ਦੇ ਪਹਿਲੇ ਹੀ ਦਿਨ ਕਿਸਾਨਾਂ ਨੇ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਆਉਂਦੇ ਦਿਨਾਂ ਦੌਰਾਨ ਜ਼ੋਰਦਾਰ ਹੱਲਾ ਬੋਲਣ ਦਾ ਸੱਦਾ ਦਿੱਤਾ ਹੈ। ਭਾਜਪਾ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਅਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਘੋਲ ਦਾ ਦਾਇਰਾ ਵਿਸ਼ਾਲ ਹੁੰਦਾ ਦੇਖ ਕੇ ਮੋਦੀ ਸਰਕਾਰ ਝੁਕਣ ’ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਨੂੰ ਕਿਸਾਨਾਂ ਦੇ ਅੰਦੋਲਨ ਤੋਂ ਹਾਰ ਮੰਨਦਿਆਂ ਕਾਨੂੰਨ ਵੀ ਵਾਪਸ ਲੈਣੇ ਪੈਣਗੇ। ਸੂਬੇ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ 100 ਤੋਂ ਵੱਧ ਥਾਵਾਂ ’ਤੇ ਪਿਛਲੇ ਤਿੰਨ ਮਹੀਨਿਆਂ ਤੋਂ ਧਰਨੇ ਅਤੇ ਪ੍ਰਦਰਸ਼ਨ ਜਾਰੀ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਾਅਵਾ ਕੀਤਾ ਕਿ ਕਿਸਾਨਾਂ, ਮਜਦੂਰਾਂ ਅਤੇ ਸਾਰੇ ਹਮਾਇਤੀ ਕਿਰਤੀਆਂ ਅੰਦਰ ਕੇਂਦਰੀ ਹਕੂਮਤ ਖ਼ਿਲਾਫ਼ ਰੋਹ ਦਿਨੋਂ-ਦਿਨ ਪ੍ਰਚੰਡ ਹੋਣ ਕਾਰਨ ਹੀ ਪਰਿਵਾਰਾਂ ਦੇ ਪਰਿਵਾਰ ਹੱਡ ਚੀਰਵੀਂ ਠੰਢ ਦੌਰਾਨ ਵੀ ਧਰਨਿਆਂ ਵਿੱਚ ਲਗਾਤਾਰ ਪੁੱਜ ਰਹੇ ਹਨ। ਇਸ ਮੌਕੇ ਕਿਸਾਨ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਬਣ ਚੁੱਕਿਆ ਹੈ। ਸਰਕਾਰ ਦੀਆਂ ਸਾਰੀਆਂ ਭੁਲੇਖਾਪਾਊ, ਭੜਕਾਊ ਅਤੇ ਪਾਟਕਪਾਊ ਚਾਲਾਂ ਨੂੰ ਲਗਾਤਾਰ ਪਛਾੜਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਹਰ ਫ਼ਸਲ ਦਾ ਐੱਮਐੱਸਪੀ ਮੁਲਕ ਦੇ ਹਰ ਕਿਸਾਨ ਨੂੰ ਮਿਲਣ ਦੀ ਕਾਨੂੰਨੀ ਗਾਰੰਟੀ ਤੋਂ ਬਗੈਰ ਬਿਜਲੀ ਸਬਸਿਡੀਆਂ ਜਾਂ ਪਰਾਲੀ ਪ੍ਰਦੂਸ਼ਣ ਕਾਨੂੰਨ ’ਚ ਸੋਧ ਦਾ ਕੋਈ ਅਰਥ ਨਹੀਂ ਬਣਦਾ ਹੈ। ਮੋਰਚਿਆਂ ਵਿੱਚ ਰੋਜ਼ਾਨਾ ਹੋ ਰਹੀਆਂ ‘ਸ਼ਹੀਦੀਆਂ’ ਲਈ ਕੇਂਦਰ ਸਰਕਾਰ ਦੇ ਕੱਟੜ ਵਤੀਰੇ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਪੰਜਾਬ ਸਰਕਾਰ ਦੇ ਵਤੀਰੇ ਦੀ ਵੀ ਸਖ਼ਤ ਆਲੋਚਨਾ ਕੀਤੀ ਜਿਸ ਦੀ ਅਫ਼ਸਰਸ਼ਾਹੀ ‘ਸ਼ਹੀਦਾਂ’ ਦੇ ਵਾਰਸਾਂ ਨੂੰ ਮੁਆਵਜ਼ੇ ਅਤੇ ਹੋਰ ਸਹਾਇਤਾ ਦੇਣ ਤੋਂ ਲਗਾਤਾਰ ਆਨਾਕਾਨੀ ਕਰਦੇ ਹੋਏ ਕਿਸਾਨ ਤਾਕਤ ਨੂੰ ਵੰਡਣ ਦਾ ਜੁਰਮ ਕਰ ਰਹੀ ਹੈ। ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨਵੇਂ ਵਰ੍ਹੇ ਵਾਲੇ ਦਿਨ ਰੇਲ ਰੋਕੋ ਅੰਦੋਲਨ ਦੇ 100 ਦਿਨ ਪੂਰੇ ਹੋ ਗਏ ਹਨ ਅਤੇ ਇਹ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਗਾਰੰਟੀ ਕਾਨੂੰਨ ਲਿਆਉਣ ਬਾਰੇ ਸਰਕਾਰ ਦਾ ਰੁਖ਼ ਬਹੁਤ ਹੀ ਸਖ਼ਤ ਹੈ। ਇਸ ਲਈ ਲੰਬੇ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਸ਼ਾਹਜਹਾਨਪੁਰ ਨਾਕੇ ’ਤੇ ਦਿੱਲੀ ਵੱਲ ਵੱਧ ਰਹੇ ਕਿਸਾਨਾਂ ਉਪਰ ਖੱਟਰ ਸਰਕਾਰ ਵਲੋਂ ਕੀਤੇ ਜਬਰ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ, ਵਿਧਾਇਕ, ਆਗੂਆਂ ਅਤੇ ਕਾਰਪੋਰੇਟ ਮਾਲਾਂ ਅੱਗੇ ਧਰਨੇ ਤੇਜ਼ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਤਰੁਣ ਚੁੱਘ ਤੇ ਟ੍ਰਿਲੀਅਮ ਮਾਲ ਦਾ ਘਿਰਾਓ ਕੀਤਾ ਗਿਆ। ਤਰਨ ਤਾਰਨ ’ਚ ਅਨਿਲ ਜੋਸ਼ੀ ਦੇ ਵੱਡੇ ਸ਼ਾਪਿੰਗ ਮਾਲ, ਪੱਟੀ ’ਚ ਟਰੈਂਡਜ਼ ਮਾਲ, ਦਸੂਹਾ ਵਿੱਚ ਸੁਖਜੀਤ ਕੌਰ ਸ਼ਾਹੀ ਅਤੇ ਹੁਸ਼ਿਆਰਪੁਰ ’ਚ ਸਾਬਕਾ ਵਿਧਾਇਕ ਦਾ ਘਿਰਾਓ ਕੀਤਾ ਗਿਆ। ਜਲੰਧਰ ਲੋਹੀਆਂ ਟੀ ਪੁਆਇੰਟ ’ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਕਪੂਰਥਲਾ ਵਿੱਚ ਰਿੰਲਾਇਸ, ਫਿਰੋਜ਼ਪੁਰ, ਜੀਰਾ ਅਤੇ ਤਲਵੰਡੀ ਭਾਈ ’ਚ ਮਾਲ ਘੇਰੇ ਗਏ ਅਤੇ ਪਿੰਡ- ਪਿੰਡ ਪੁਤਲੇ ਫੂਕੇ ਗਏ। ਮੋਗਾ ਦੇ ਕੋਟ ਈਸੇ ਖਾਂ ਅਤੇ ਜਲਾਲਾਬਾਦ ’ਚ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਕੀਤਾ ਗਿਆ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਦਿੱਲੀ ਅੰਦੋਲਨ ਲਈ ਲੋਕਾਂ ਦੀ ਸ਼ਮੂਲੀਅਤ, ਖਾਣ-ਪੀਣ ਦੀਆਂ ਵਸਤਾਂ ਅਤੇ ਰਜ਼ਾਈਆਂ ਪਹੁੰਚਾਉਣ ਦੀ ਚਲਾਈ ਮੁਹਿੰਮ ਦੌਰਾਨ ਪਿੰਡ ਰਾਮੇਵਾਲ, ਸਾਦੀਪੁਰ, ਉੱਧੋਵਾਲ, ਉਪਲ ਜਗੀਰ, ਬਜੂਹਾ, ਕਰਤਾਰਪੁਰ ਦੇ ਪਿੰਡ ਬੂਲੇ, ਦਿਆਲਪੁਰ, ਘੁੱਗਸ਼ੋਰ, ਧੀਰਪੁਰ ਆਦਿ ’ਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਉਧੋਵਾਲ, ਸਮਰਾਏ, ਰਾਮੇਵਾਲ, ਦਿਆਲਪੁਰ, ਬੂਲਾ, ਧੀਰਪੁਰ, ਘੁੱਗਸ਼ੋਰ ਤੋਂ ਟਰਾਲੀਆਂ ਰਾਹੀਂ ਲੋਕਾਂ ਦਾ ਜਥਾ ਪਿੰਨੀਆਂ, ਰਜ਼ਾਈਆਂ, ਤਲਾਈਆਂ, ਗੱਦੇ, ਤਰਪਾਲਾਂ, ਪਾਣੀ, ਬਾਲਣ ਅਤੇ ਹੋਰ ਜ਼ਰੂਰੀ ਵਸਤਾਂ ਦਿੱਲੀ ਭੇਜੇ ਗਏ ਹਨ। ਦਿੱਲੀ ਕਿਸਾਨ ਮੋਰਚੇ ਵਿੱਚ ‘ਸ਼ਹੀਦ’ ਹੋਏ ਕਿਸਾਨਾਂ ਅਤੇ ਨੌਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਉੱਧੋਵਾਲ ਦੀਆਂ ਔਰਤਾਂ ਨੇ ਕੈਂਡਲ ਮਾਰਚ ਕੱਢਣ ਉਪਰੰਤ ਪਿੰਡ ਦੇ ਸਾਂਝੇ ਥੜੇ ਨੂੰ ਸ਼ਹੀਦੀ ਚੌਕ ਦਾ ਨਾਮ ਦਿੱਤਾ। ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਸਮੂਹ ਪਿੰਡ ਵਾਸੀ ਪਿੰਡ ਦਿਆਲਪੁਰ, ਘੁੱਗਸ਼ੋਰ, ਧੀਰਪੁਰ, ਬੂਲਾ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਦਿੱਲੀ ਅੰਦੋਲਨ ਵਿੱਚ ਭਾਗ ਲੈਣ ਲਈ ਸੱਦਾ ਦੇਣ ਗਏ।