DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਜੜ ਗਏ ਸੁਹਾਗ: ਰੋਂਦੀਆਂ ਨਾ ਜਾਣ ਝੱਲੀਆਂ...

ਪਿੰਡ ਹਰੀਨੌ ਦੇ ਕਿਸਾਨ ਪਰਿਵਾਰ ਦੀ ਦਾਸਤਾਂ; ਦੋ ਸਕੇ ਭਰਾਵਾਂ ਦੀ ਖ਼ੁਦਕੁਸ਼ੀ

  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਫਰੀਦਕੋਟ ਦਾ ਪਿੰਡ ਹਰੀਨੌ ਅੱਜ ਉਦਾਸ ਹੈ। ਜਦੋਂ ਅੱਜ ਸਕੇ ਭਰਾਵਾਂ ਦੇ ਸਿਵੇ ਲਟ ਲਟ ਬਲੇ ਤਾਂ ਪਿੰਡ ਦੇ ਹਰ ਨਿਆਣੇ-ਸਿਆਣੇ ਦੀ ਅੱਖ ਨਮ ਹੋ ਗਈ। ਖੇਤੀ ਦਾ ਸੰਕਟ ਕਹੋ ਜਾਂ ਫ਼ਸਲਾਂ ਦਾ ਨਾਕਾਮ ਹੋਣਾ, ਇਸੇ ਜੰਜਾਲ ’ਚ ਕਿਸਾਨ ਰਣਬੀਰ ਸਿੰਘ ਦੇ ਘਰ ਸੱਥਰ ਵਿੱਛ ਗਿਆ। ਜਦ ਕਿਸਾਨ ਰਣਬੀਰ ਸਿੰਘ ਦੇ ਦੋਵੇਂ ਕਮਾਊ ਪੁੱਤਰਾਂ ਜਸਕਰਨ ਸਿੰਘ ਤੇ ਜਸਵਿੰਦਰ ਸਿੰਘ ਤੋਂ ਆਲੂਆਂ ਦੀ ਫ਼ਸਲ ਦੀ ਬਰਬਾਦੀ ਝੱਲ ਨਾ ਹੋਈ ਤਾਂ ਦੋਵੇਂ ਜਣੇ ਘਰੋਂ ਇਕੱਠੇ ਨਿਕਲੇ, ਬਠਿੰਡਾ-ਫ਼ਿਰੋਜ਼ਪੁਰ ਰੇਲ ਮਾਰਗ ’ਤੇ ਗੱਡੀ ਉਡੀਕਣ ਲੱਗੇ, ਦੋਵਾਂ ਭਰਾਵਾਂ ਨੇ ਹੱਥਾਂ ’ਚ ਹੱਥ ਪਾਏ, ਸ਼ੂਕਦੀ ਟਰੇਨ ਅੱਗੇ ਕੁੱਦ ਗਏ।

Advertisement

ਕਿਸਾਨ ਭਰਾ ਖ਼ੁਦ ਤਾਂ ਜ਼ਿੰਦਗੀ ਦੀ ਜੰਗ ਹਾਰ ਗਏ। ਪਰ ਜਿਨ੍ਹਾਂ ਨੂੰ ਪਿੱਛੇ ਛੱਡ ਗਏ, ਉਹ ਹੁਣ ਰੋਂਦੀਆਂ ਨਹੀਂ ਝੱਲੀਆਂ ਜਾ ਰਹੀਆਂ। ਗਿਆਰਾਂ ਏਕੜ ਫ਼ਸਲ ਕਦੋਂ ਹੱਥਾਂ ’ਚੋਂ ਕਿਰ ਗਈ, ਪਤਾ ਹੀ ਨਹੀਂ ਲੱਗਿਆ। ਹੁਣ ਡੇਢ ਏਕੜ ਜ਼ਮੀਨ ਬਚੀ ਹੈ। ਦੋਵੇਂ ਭਰਾਵਾਂ ਨੇ ਬੀੜਾ ਚੁੱਕਿਆ, ਠੇਕੇ ’ਤੇ ਜ਼ਮੀਨ ਲੈ ਮਿੱਟੀ ਨਾਲ ਮਿੱਟੀ ਹੋਏ। ਕਰਜ਼ੇ ਦੇ ਵਿਆਜ ਦੀਆਂ ਜ਼ਰਬਾਂ ’ਚ ਐਸੇ ਉਲਝੇ ਕਿ ਹੱਥੋਂ ਜ਼ਿੰਦਗੀ ਦੀ ਡੋਰ ਹੀ ਛੁੱਟ ਗਈ। ਆਲੂਆਂ ਦੀ ਫ਼ਸਲ ਦੀ ਪੁਟਾਈ ਲਈ ਨਾ ਹੁਣ ਲੇਬਰ ਮਿਲੀ ਅਤੇ ਨਾ ਹੀ ਪੈਸੇ।

Advertisement

ਮਾਂ ਜਾਇਆਂ ਦਾ ਪਿਆਰ ਏਨਾ ਮਿਸਾਲੀ ਸੀ ਕਿ ਇੱਕ-ਦੂਜੇ ਦੇ ਸਾਹ ’ਚੋਂ ਸਾਹ ਲੈਂਦੇ ਸਨ। ਇਕੱਠੇ ਬੈਠਣਾ, ਇੱਕੋ ਥਾਲ਼ੀ ’ਚ ਖਾਣਾ, ਇੱਕੋ ਸਵਾਰੀ ’ਤੇ ਜਾਣਾ। ਇੱਥੋਂ ਤੱਕ ਕਿ ਇਨ੍ਹਾਂ ਦੋਵਾਂ ਭਰਾਵਾਂ ਦੀਆਂ ਪਤਨੀਆਂ ਅਮਰਜੀਤ ਕੌਰ ਅਤੇ ਕਰਮਜੀਤ ਕੌਰ ਵੀ ਸਕੀਆਂ ਭੈਣਾਂ ਹਨ। ਉਨ੍ਹਾਂ ਦਾ ਪਿਤਾ ਰਣਬੀਰ ਸਿੰਘ ਪਿੰਡ ’ਚ ਸਬਜ਼ੀ ਦੀ ਦੁਕਾਨ ਕਰਦਾ ਸੀ ਤਾਂ ਜੋ ਪੁੱਤਾਂ ਨੂੰ ਢਾਰਸ ਮਿਲ ਸਕੇ। ਉਨ੍ਹਾਂ ਭੁੱਬ ਮਾਰਦਿਆਂ ਕਿਹਾ ‘‘ ਦੋ ਪੁੱਤ ਚਲੇ ਜਾਣ ਤਾਂ ਫਿਰ ਪਿੱਛੇ ਕੁੱਝ ਨੀਂ ਬਚਦਾ।’

ਪੀੜਤ ਪਰਿਵਾਰ ਸਿਰ ਕਰੀਬ ਪੰਜਾਹ ਲੱਖ ਦਾ ਕਰਜ਼ਾ ਹੈ। ਦੋਵੇਂ ਭਰਾਵਾਂ ਦੀ ਭੈਣ ਹਰਪ੍ਰੀਤ ਕੌਰ ਆਖਦੀ ਹੈ ਕਿ ਮਾਂ ਜਾਇਆਂ ਨੂੰ ਤਾਂ ਟਰੈਕਟਰ ਦੀਆਂ ਕਿਸ਼ਤਾਂ ਅਤੇ ਖੇਤ ’ਚ ਖ਼ਰਾਬ ਹੋ ਰਹੀ ਫ਼ਸਲ ਹੀ ਲੈ ਬੈਠੀ।

ਮਾਪੇ ਆਖਦੇ ਹਨ ਕਿ ਮਾਲਕ ਦੀ ਕੇਹੀ ਰਜ਼ਾ! ਨਿੱਕੇ ਹੁੰਦੇ ਟਰੇਨ ਦੇ ਖੜਾਕ ਤੋਂ ਡਰ ਜਾਂਦੇ ਸਨ ਜਦੋਂ ਜਵਾਨ ਹੋਏ ਤਾਂ ਟਰੇਨ ਅੱਗੇ ਹੀ ਕੁੱਦ ਗਏ। ਇਸ ਘਰ ਦੇ ਮੁਖੀ ਕਿਸਾਨ ਰਣਬੀਰ ਸਿੰਘ ਨੂੰ ਵੀ ਬਚਪਨ ਵਿਚ ਹੀ ਦੁੱਖ ਟੱਕਰ ਪਏ ਸਨ। ਰਣਬੀਰ ਸਿੰਘ ਮਸਾਂ 12 ਵਰ੍ਹਿਆਂ ਦਾ ਸੀ ਜਦੋਂ ਵੱਡਾ ਭਰਾ ਗੁਰਮੇਲ ਸਿੰਘ ਮੌਤ ਦੇ ਮੂੰਹ ਜਾ ਪਿਆ। ਉਮਰ ਛੋਟੀ, ਘਰ ਦੀ ਜ਼ਿੰਮੇਵਾਰੀ ਵੱਡੀ ਸੀ। ਰਣਬੀਰ ਸਿੰਘ ਦੀ ਉਦੋਂ ਹਾਲੇ ਪੂਰੀ ਸੁਰਤ ਵੀ ਨਹੀਂ ਸੰਭਲੀ ਸੀ। ਉਹ ਦੱਸਦਾ ਹੈ ਕਿ ਮਰਹੂਮ ਭਰਾ ਗੁਰਮੇਲ ਸਿੰਘ ਦੀਆਂ ਤਿੰਨ ਧੀਆਂ ਦੇ ਵਿਆਹ ਸਾਹੇ ਕੀਤੇ। ਰਿਸ਼ਤੇਦਾਰਾਂ ਨੇ ਮਰਹੂਮ ਭਰਾ ਗੁਰਮੇਲ ਸਿੰਘ ਦੀ ਵਿਧਵਾ ਸਿਮਰਜੀਤ ਕੌਰ ਉਸ ਦੇ (ਰਣਬੀਰ ਸਿੰਘ) ਦੇ ਲੜ ਲਾ ਦਿੱਤੀ।

ਬਿਰਧ ਸਿਮਰਜੀਤ ਕੌਰ ਦੀ ਵੀ ਜ਼ਿੰਦਗੀ ਕਦੇ ਸੁਖਾਲੀ ਨਹੀਂ ਰਹੀ ਜਿਸ ਨੂੰ ਹੁਣ ਉਮਰ ਦੇ ਆਖ਼ਰੀ ਪੜਾਅ ’ਤੇ ਦੋ ਪੁੱਤਾਂ ਦਾ ਵਿਛੋੜਾ ਝੱਲਣਾ ਪੈ ਗਿਆ ਹੈ। ਹੁਣ ਜਸਕਰਨ ਤੇ ਜਸਵਿੰਦਰ ਦੀਆਂ ਵਿਧਵਾਵਾਂ ਦੇ ਸਿਰ ’ਤੇ ਕਰਜ਼ੇ ਦੀ ਪੰਡ ਆਣ ਟਿਕੀ ਹੈ। ਤੁਰ ਗਏ ਦੋਵੇਂ ਭਰਾਵਾਂ ਦੀਆਂ ਦੋ ਧੀਆਂ ਏਕਮਨੂਰ ਅਤੇ ਨਵਜੋਤ ਕੌਰ ਛੇਵੀਂ ਕਲਾਸ ’ਚ ਪੜ੍ਹਦੀਆਂ ਹਨ। ਜਦੋਂ ਅੱਜ ਸਿਵੇ ਬਲੇ ਤਾਂ ਇਨ੍ਹਾਂ ਧੀਆਂ ਦੇ ਹੰਝੂ ਟੁੱਟਣ ਦਾ ਨਾਮ ਨਹੀਂ ਲੈ ਰਹੇ ਸਨ। ਜਦੋਂ ਇਹ ਧੀਆਂ ਜਵਾਨ ਹੋਣਗੀਆਂ, ਡੋਲੀ ਬੈਠਣਗੀਆਂ ਤਾਂ ਉਦੋਂ ਜ਼ਰੂਰ ਬਾਬਲ ਦੇ ਚਿਹਰੇ ਨੂੰ ਲੱਭਣਗੀਆਂ। ਦੋ ਧੀਆਂ ਦੇ ਅੱਜ ਬਾਪ ਚਲੇ ਗਏ। ਕੀ ਸਰਕਾਰ ਇਨ੍ਹਾਂ ਬੱਚੀਆਂ ਦੇ ਹੰਝੂਆਂ ਦੀ ਰਮਜ਼ ਨੂੰ ਸਮਝੇਗੀ। ਕੀ ਕੋਈ ਹੱਥ ਉੱਠੇਗਾ ਜੋ ਇਨ੍ਹਾਂ ਬੱਚੀਆਂ ਨੂੰ ਭਵਿੱਖ ਦੀ ਚਿੰਤਾ ਤੋਂ ਮੁਕਤ ਕਰ ਸਕੇ।

ਕਰਜ਼ੇ ’ਤੇ ਲੀਕ ਮਾਰੇ ਸਰਕਾਰ: ਢੁੱਡੀਕੇ

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਸ ਪੀੜਤ ਪਰਿਵਾਰ ਲਈ ਦਸ-ਦਸ ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਕਿਸਾਨੀ ਦੀ ਇੱਕ ਮੂੰਹ ਬੋਲਦੀ ਤਸਵੀਰ ਹੈ। ਹਕੂਮਤਾਂ ਕਿਸਾਨੀ ਪ੍ਰਤੀ ਹੇਜ ਰੱਖਦੀਆਂ ਤਾਂ ਸਕੇ ਭਰਾਵਾਂ ਨੂੰ ਗੱਡੀ ਅੱਗੇ ਨਹੀਂ ਕੁੱਦਣਾ ਸੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਦਸ ਏਕੜ ਤੱਕ ਵਾਲੀ ਕਿਸਾਨੀ ਦੇ ਕਰਜ਼ੇ ’ਤੇ ਲੀਕ ਮਾਰੀ ਜਾਵੇ।

Advertisement
×