ਪਾਸਪੋਰਟ ਬਣਾਉਣ ਦਾ ਚਾਅ ਮੱਠਾ ਪਿਆ
ਵਿਦੇਸ਼ਾਂ ਵਿੱਚ ਦਾਖਲੇ ਦੇ ਨਿਯਮਾਂ ਦੀ ਸਖ਼ਤੀ ਕਾਰਨ ਪੰਜਾਬੀਆਂ ਵਿੱਚ ਪਾਸਪੋਰਟ ਬਣਾਉਣ ਦਾ ਜਨੂੰਨ ਮੱਠਾ ਪੈ ਗਿਆ ਹੈ। ਪਿਛਲੇ 12 ਸਾਲਾਂ ਵਿੱਚ ਬੇਸ਼ੱਕ ਸੂਬੇ ਵਿੱਚ ਪਾਸਪੋਰਟਾਂ ਦੀ ਗਿਣਤੀ ਇੱਕ ਕਰੋੜ ਦੇ ਕਰੀਬ ਪਹੁੰਚ ਗਈ ਹੈ। ਪੰਜਾਬ ਵਾਂਗ ਹਰਿਆਣਾ ਵਿੱਚ ਵੀ...
ਵਿਦੇਸ਼ਾਂ ਵਿੱਚ ਦਾਖਲੇ ਦੇ ਨਿਯਮਾਂ ਦੀ ਸਖ਼ਤੀ ਕਾਰਨ ਪੰਜਾਬੀਆਂ ਵਿੱਚ ਪਾਸਪੋਰਟ ਬਣਾਉਣ ਦਾ ਜਨੂੰਨ ਮੱਠਾ ਪੈ ਗਿਆ ਹੈ। ਪਿਛਲੇ 12 ਸਾਲਾਂ ਵਿੱਚ ਬੇਸ਼ੱਕ ਸੂਬੇ ਵਿੱਚ ਪਾਸਪੋਰਟਾਂ ਦੀ ਗਿਣਤੀ ਇੱਕ ਕਰੋੜ ਦੇ ਕਰੀਬ ਪਹੁੰਚ ਗਈ ਹੈ। ਪੰਜਾਬ ਵਾਂਗ ਹਰਿਆਣਾ ਵਿੱਚ ਵੀ ਪਾਸਪੋਰਟ ਬਣਾਉਣ ਦੀ ਹਨ੍ਹੇਰੀ ਨੂੰ ਹੁਣ ਠੱਲ੍ਹ ਪੈ ਗਈ ਹੈ।
ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ’ਚ ਪਹਿਲੀ ਜਨਵਰੀ 2014 ਤੋਂ 31 ਦਸੰਬਰ 2025 ਤੱਕ 98.89 ਲੱਖ ਪਾਸਪੋਰਟ ਜਾਰੀ ਹੋਏ ਹਨ। ਹਰਿਆਣਾ ’ਚ ਇਸ ਸਮੇਂ ਦੌਰਾਨ 44.60 ਲੱਖ ਪਾਸਪੋਰਟ ਬਣੇ ਹਨ। ਪੰਜਾਬ ’ਚ ਸਾਲ 2023 ’ਚ 11.94 ਲੱਖ ਪਾਸਪੋਰਟ ਬਣੇ ਸਨ, ਜੋ ਆਪਣੇ ਆਪ ’ਚ ਰਿਕਾਰਡ ਸੀ। ਸਾਲ 2024 ’ਚ ਪਾਸਪੋਰਟਾਂ ਦਾ ਅੰਕੜਾ 10.60 ਲੱਖ ਦਾ ਰਿਹਾ। 2025 ’ਚ ਪੰਜਾਬ ’ਚ 7.08 ਲੱਖ ਪਾਸਪੋਰਟ ਹੀ ਬਣੇ; ਹਰਿਆਣਾ ’ਚ ਵੀ ਇਸ ਸਾਲ 4.48 ਲੱਖ ਪਾਸਪੋਰਟ ਬਣੇ। 2014 ਵਿੱਚ ਪੰਜਾਬ ’ਚ 5.48 ਲੱਖ ਪਾਸਪੋਰਟ ਬਣੇ ਸਨ ਅਤੇ ਉਸ ਮਗਰੋਂ ਹਰ ਵਰ੍ਹੇ ਪਾਸਪੋਰਟਾਂ ਦਾ ਨਵਾਂ ਰਿਕਾਰਡ ਕਾਇਮ ਹੁੰਦਾ ਰਿਹਾ।
ਕੈਨੇਡਾ ਵਾਸੀ ਕਮਲਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਸਟੱਡੀ ਵੀਜ਼ੇ ਅਤੇ ਮਾਪਿਆਂ ਦੇ ਆਉਣ ਦੇ ਨਿਯਮ ਸਖ਼ਤ ਹੋਣ ਕਾਰਨ ਲੋਕਾਂ ਦਾ ਉਤਸ਼ਾਹ ਘਟਿਆ ਹੈ। ਦੂਜੇ ਪਾਸੇ, ਪੰਜਾਬ ਸਰਕਾਰ ਇਸ ਨੂੰ ‘ਵਤਨ ਵਾਪਸੀ’ ਦੇ ਨਾਅਰੇ ਦੀ ਕਾਮਯਾਬੀ ਵਜੋਂ ਦੇਖ ਰਹੀ ਹੈ।
ਔਸਤ ਦੇਖੀਏ ਤਾਂ ਪੰਜਾਬ ਦੇ ਹਰ ਤੀਜੇ ਸ਼ਖ਼ਸ ਦੇ ਹੱਥ ’ਚ ਪਾਸਪੋਰਟ ਹੈ। ਪਾਸਪੋਰਟ ਬਣਾਉਣ ਦੀ ਦੌੜ ਵਿੱਚ ਪੰਜਾਬ, ਹਰਿਆਣਾ ਤੋਂ ਇਲਾਵਾ ਗੁਜਰਾਤ, ਕਰਨਾਟਕ, ਮਹਾਰਾਸ਼ਟਰ, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਤੇ ਦਿੱਲੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਉਲਟ ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਉੜੀਸਾ, ਰਾਜਸਥਾਨ, ਤਾਮਿਲਨਾਡੂ, ਤਿਲੰਗਾਨਾ ਅਤੇ ਉਤਰ ਪ੍ਰਦੇਸ਼ ਆਦਿ ਸੂਬਿਆਂ ’ਚ ਪਾਸਪੋਰਟਾਂ ਦੀ ਰਫ਼ਤਾਰ ਵਧੀ ਹੈ।
ਦੇਸ਼ ਭਰ ਦੀ ਗੱਲ ਕਰੀਏ ਤਾਂ ਕੇਰਲਾ 1.46 ਕਰੋੜ ਪਾਸਪੋਰਟਾਂ ਨਾਲ ਪਹਿਲੇ ਨੰਬਰ ’ਤੇ ਹੈ। ਮਹਾਰਾਸ਼ਟਰ 1.42 ਕਰੋੜ ਨਾਲ ਦੂਜੇ ਅਤੇ ਉੱਤਰ ਪ੍ਰਦੇਸ਼ 1.21 ਕਰੋੜ ਪਾਸਪੋਰਟਾਂ ਨਾਲ ਤੀਜੇ ਸਥਾਨ ’ਤੇ ਹੈ। ਸਮੁੱਚੇ ਦੇਸ਼ ’ਚ ਬੀਤੇ 12 ਵਰ੍ਹਿਆਂ ’ਚ 13.93 ਕਰੋੜ ਪਾਸਪੋਰਟ ਬਣੇ ਹਨ।
ਪੰਜਾਬ ਤੇ ਹਰਿਆਣਾ ਵਿੱਚ ਜਾਰੀ ਪਾਸਪੋਰਟ
ਸਾਲ ਪੰਜਾਬ ਹਰਿਆਣਾ
2025 07.08 ਲੱਖ 4.48 ਲੱਖ
2024 10.60 ਲੱਖ 5.49 ਲੱਖ
2023 11.94 ਲੱਖ 5.82 ਲੱਖ
2022 9.35 ਲੱਖ 4.81 ਲੱਖ
2021 6.44 ਲੱਖ 2.88 ਲੱਖ
2015 6.65 ਲੱਖ 2.46 ਲੱਖ
2014 5.48 ਲੱਖ 2.07 ਲੱਖ

