ਅਜੋਕਾ ਪ੍ਰਬੰਧ ਮਾਰਕਸੀ ਚਿੰਤਨ ਦੀਆਂ ਨਜ਼ਰਾਂ ’ਚ ਖੋਖਲਾ: ਮਹਿਮੂਦਪੁਰ
‘ਅਜੋਕੇ ਸਮੇਂ ’ਚ ਮਾਰਕਸਵਾਦ ਦੀ ਪ੍ਰਸੰਗਕਤਾ’ ਵਿਸ਼ੇ ੳੁੱਤੇ ਵਿਚਾਰ ਚਰਚਾ
ਹਤਿੰਦਰ ਮਹਿਤਾ
ਕਾਰਲ ਮਾਰਕਸ ਦੇ 208ਵੇਂ ਜਨਮ ਦਿਹਾੜੇ ਮੌਕੇ ਇਥੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ‘ਅਜੋਕੇ ਸਮੇਂ ’ਚ ਮਾਰਕਸਵਾਦ ਦੀ ਪ੍ਰਸੰਗਕਤਾ’ ਵਿਸ਼ੇ ’ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਮੌਕੇ ਨਿਚੋੜ ਕੱਢਿਆ ਗਿਆ ਕਿ ਪੂੰਜੀਵਾਦ ਦੇ ਸਿਖ਼ਰਲੇ ਪੜਾਅ ਸਾਮਰਾਜਵਾਦ ਨੇ ਦੁਨੀਆ ਨੂੰ ਆਪਣਾ ਲੋਟੂ, ਜੰਗਬਾਜ਼ ਅਤੇ ਫਾਸ਼ੀ ਚਿਹਰਾ ਉਘਾੜ ਕੇ ਦਿਖਾ ਦਿੱਤਾ ਹੈ। ਇਸ ਖ਼ਿਲਾਫ਼ ਲੋਕ ਵਿਰੋਧ ਵੀ ਵਿਸ਼ਵ ਮੰਚ ’ਤੇ ਸਾਹਮਣੇ ਆ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਮਾਜ ਨੂੰ ਚਿੰਬੜੇ ਰੋਗਾਂ ਦਾ ਇਲਾਜ ਮਾਰਕਸਵਾਦੀ ਵਿਗਿਆਨ ਕੋਲ ਹੀ ਹੈ। ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਅਜੋਕਾ ਲੋਕ-ਦੋਖੀ ਪ੍ਰਬੰਧ ਮਾਰਕਸੀ ਚਿੰਤਨ ਦੀਆਂ ਨਜ਼ਰਾਂ ’ਚ ਅੰਦਰੋਂ ਖੋਖਲਾ ਹੈ। ਉਹ ਆਪਣੀ ਹੋਂਦ ਲਈ ਜੰਗਾਂ, ਫਾਸ਼ੀ ਹੱਲਿਆਂ ਦਾ ਸਹਾਰਾ ਲੈ ਕੇ ਅੱਕੀ ‘ਪਲਾਹੀ’ ਹੱਥ ਮਾਰਦਾ ਹੈ। ਇਸ ਦੇ ਨਤੀਜੇ ਵਜੋਂ ਉਹ ਹੋਰ ਵੀ ਡੂੰਘੇ ਸੰਕਟਾਂ ਵਿੱਚ ਘਿਰਦਾ ਜਾ ਰਿਹਾ ਹੈ। ਅਖ਼ੀਰ ’ਚ ਬੂਟਾ ਸਿੰਘ ਨੇ ਕਿਹਾ ਕਿ ਕਈ ਸਮੱਸਿਆਵਾਂ ਵਿੱਚ ਘਿਰੇ ਸੰਸਾਰ ਪ੍ਰਬੰਧ ਲਈ ਮੁਕਤੀ, ਖੁਸ਼ਹਾਲੀ, ਤਰੱਕੀ, ਬਰਾਬਰੀ ਅਤੇ ਅਮਨ ਦਾ ਮਾਰਗ ਮਾਰਕਸਵਾਦੀ ਵਿਗਿਆਨਕ ਵਿਚਾਰਧਾਰਾ ਹੀ ਹੈ। ਇਸ ਮੌਕੇ ਮਾਸਟਰ ਮਦਨ ਲਾਲ ਬੁੱਲੋਵਾਲ, ਡਾ. ਜਗਜੀਤ ਸਿੰਘ ਚੀਮਾ, ਮੰਗਤ ਰਾਮ ਪਾਸਲਾ, ਡਾ. ਸੈਲੇਸ਼, ਅਮੀਸ਼ ਬਾਗ਼ਪੁਰ, ਅਮਰੀਕ ਸਿੰਘ ਆਰ ਸੀ ਐੱਫ, ਕੇਸਰ, ਰਾਮੇਸ਼ ਚੌਹਕਾ ਅਤੇ ਪ੍ਰੋ. ਕੇਵਲ ਕਲੋਟੀ ਨੇ ਵੀ ਆਪਣੇ ਵਿਚਾਰ ਰੱਖੇ। ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਦੇਸ਼ ਦੇ ਗੰਭੀਰ ਅਤੇ ਚਿੰਤਾਜਨਕ ਹਾਲਾਤ ਅੰਦਰ ਇਹ ਮਾਣ ਦੇਸ਼ ਭਗਤ ਯਾਦਗਾਰ ਕਮੇਟੀ ਦੇ ਹਿੱਸੇ ਆਉਂਦਾ ਹੈ ਜਿਹੜੀ ਧਰਤੀ ’ਤੇ ਰੰਗਲੀ ਸਵੇਰ ਲਿਆਉਣ ਲਈ ਸਮੇਂ-ਸਮੇਂ ਅਜੋਕੇ ਸਮੇਂ ਮਾਰਕਸਵਾਦ ਦੀ ਪ੍ਰਸੰਗਕਤਾ ਵਰਗੇ ਢੁਕਵੇਂ ਮੁੱਦਿਆਂ ਨੂੰ ਮੁਖ਼ਾਤਿਬ ਹੋ ਰਹੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।

