ਪੱਤਰ ਪ੍ਰੇਰਕ
ਸ਼ਾਹਕੋਟ, 3 ਸਤੰਬਰ
ਖਾਲਸਾ ਫਾਰਮ ਮਲਸੀਆਂ ਵਿੱਚ ਬੰਧੂਆ ਮਜ਼ਦੂਰ ਬਣਾਏ ਇੱਕ ਪਤੀ-ਪਤਨੀ ਨੂੰ ਪੇਂਡੂ ਮਜ਼ਦੂਰ ਯੂਨੀਅਨ ਤਹਿਸੀਲ ਕਮੇਟੀ ਸ਼ਾਹਕੋਟ ਵੱਲੋਂ ਪੁਲੀਸ ਚੌਕੀ ਦੇ ਸਹਿਯੋਗ ਨਾਲ ਆਜ਼ਾਦ ਕਰਵਾਇਆ ਗਿਆ ਹੈ। ਯੂਨੀਅਨ ਦੀ ਤਹਿਸੀਲ ਕਮੇਟੀ ਸ਼ਾਹਕੋਟ ਦੀ ਪ੍ਰਧਾਨ ਗੁਰਬਖਸ਼ ਕੌਰ ਅਤੇ ਸਕੱਤਰ ਜੀਐੱਸ ਅਟਵਾਲ ਨੇ ਦੱਸਿਆ ਕਿ ਪਿੰਡ ਸਾਦਿਕਪੁਰ ਦੀ ਰਹਿਣ ਵਾਲੀ ਬਲਜੀਤ ਕੌਰ ਅਤੇ ਉਸ ਦਾ ਪਤੀ ਕੁਲਦੀਪ ਸਿੰਘ ਖਾਲਸਾ ਫਾਰਮ ਹਾਊਸ ਮਲਸੀਆਂ ਵਾਲਿਆਂ ਕੋਲ ਮਜ਼ਦੂਰੀ ਕਰਦੇ ਸਨ। ਉਨ੍ਹਾਂ ਜ਼ਰੂਰਤ ਸਮੇਂ ਮਾਲਕਾਂ ਕੋਲੋਂ 10,000 ਰੁਪਏ ਪੇਸ਼ਗੀ ਲੈ ਲਏ, ਜਿਸ ਦੀ ਆੜ ’ਚ ਮਾਲਕ ਮਜ਼ਦੂਰਾਂ ਨੂੰ ਬਣਦਾ ਮਿਹਨਤਾਨਾ ਨਾ ਦੇ ਕੇ ਉਨ੍ਹਾਂ ਕੋਲੋਂ ਬੰਧੂਆ ਮਜ਼ਦੂਰੀ ਕਰਵਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਨੂੰ ਬਲਜੀਤ ਕੌਰ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਸ ਨੇ ਆਪਣੇ ਪੁੱਤਰਾਂ ਨੂੰ ਫਾਰਮ ਹਾਊਸ ’ਚ ਸੱਦਿਆ। ਜਿਉਂ ਹੀ ਬਲਜੀਤ ਕੌਰ ਦੇ ਪੁੱਤਰ ਉੱਥੇ ਪਹੁੰਚੇ ਤਾਂ ਮਾਲਕ ਅਜਮੇਰ ਸਿੰਘ ਸ਼ੇਰੋਵਾਲੀਆ ਅਤੇ ਉਸ ਦੇ ਪੁੱਤਰ ਸੰਤੋਖ ਸਿੰਘ ਸ਼ੇਰੋਵਾਲੀਆ ਨੇ ਉਨ੍ਹਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ, ਜੋ ਇਸ ਸਮੇਂ ਸਿਵਲ ਹਸਪਤਾਲ ਸ਼ਾਹਕੋਟ ਵਿੱਚ ਜ਼ੇਰੇ ਇਲਾਜ ਹਨ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਘਟਨਾ ਸਬੰਧੀ ਪਤਾ ਲੱਗਣ ’ਤੇ ਉਨ੍ਹਾਂ ਨੇ ਬੰਧੂਆਂ ਮਜ਼ਦੂਰਾਂ ਨੂੰ ਆਜ਼ਾਦ ਕਰਵਾਉਣ ਲਈ ਪੁਲੀਸ ਚੌਕੀ ਮਲਸੀਆਂ ਨਾਲ ਸੰਪਰਕ ਕੀਤਾ। ਪੁਲੀਸ ਦੀ ਮਦਦ ਨਾਲ ਯੂਨੀਅਨ ਨੇ ਮਜ਼ਦੂਰ ਜੋੜੇ ਨੂੰ ਫਾਰਮ ਹਾਊਸ ਤੋਂ ਆਜ਼ਾਦ ਕਰਵਾਇਆ।
ਉਨ੍ਹਾਂ ਦੱਸਿਆ ਕਿ ਬੰਧੂਆ ਮਜ਼ਦੂਰ ਬਣਾਉਣ ਵਾਲੇ ਅਤੇ ਮਜ਼ਦੂਰਾਂ ਦੇ ਪੁੱਤਰਾਂ ’ਤੇ ਤਸ਼ੱਦਦ ਕਰਨ ਵਾਲੇ ਫਾਰਮ ਹਾਊਸ ਦੇ ਮਾਲਕਾਂ ’ਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਮਜ਼ਦੂਰਾਂ ’ਚ ਰੋਸ ਹੈ। ਉਨ੍ਹਾਂ ਇਸ ਸਬੰਧੀ ਸ਼ਾਹਕੋਟ ਦੇ ਡੀਐੱਸਪੀ ਨਾਲ ਮੁਲਾਕਾਤ ਕਰ ਕੇ ਫਾਰਮ ਹਾਊਸ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਪੁਲੀਸ ਪੂਰੀ ਜਾਣਕਾਰੀ ਦੇਣ ਤੋਂ ਵੱਟ ਰਹੀ ਹੈ ਟਾਲਾ
ਮਲਸੀਆਂ ਚੌਕੀ ਵਿਚ ਤਾਇਨਾਤ ਏਐੱਸਆਈ ਜਗਦੇਵ ਸਿੰਘ ਨੇ ਕਿਹਾ ਕਿ ਇਸ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਹੋਰ ਜਾਣਕਾਰੀ ਲੈਣ ਲਈ ਸ਼ਾਹਕੋਟ ਥਾਣੇ ’ਚ ਸੰਪਰਕ ਕਰਨ ਲਈ ਕਿਹਾ। ਜਦੋਂ ਸ਼ਾਹਕੋਟ ਦੇ ਐੱਸਐੱਚਓ ਦੇ ਸਰਕਾਰੀ ਨੰਬਰ ’ਤੇ ਗੱਲ ਕੀਤੀ ਤਾਂ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਮੁਣਸ਼ੀ ਥਾਣੇ ’ਚ ਨਹੀਂ ਹੈ, ਜਿਸ ਕਰਕੇ ਉਹ ਕੁੱਝ ਨਹੀਂ ਦੱਸ ਸਕਦੇ। ਮੁਣਸ਼ੀ ਦੇ ਸਰਕਾਰੀ ਨੰਬਰ ’ਤੇ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਨੰਬਰ 144 ਦੀ ਧਾਰਾ 342 ਤਹਿਤ ਦਰਜ ਕੀਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਸ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।