ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਜੂਨ
ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਵਿਚਲੇ ਵਿਵਾਦ ਨਾਲ ਨਜਿੱਠਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 22 ਜੂਨ ਨੂੰ ਦਿੱਲੀ ਸੱਦਿਆ ਹੈ। ਹਾਈਕਮਾਨ ਨੇ ਪੰਜਾਬ ਦੇ ਹੋਰਨਾਂ ਕਈ ਸੀਨੀਅਰ ਆਗੂਆਂ ਨੂੰ ਵੀ ਦਿੱਲੀ ਸੱਦਿਆ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਲਕੇ ਸੋਮਵਾਰ ਨੂੰ ਦੁਪਹਿਰ ਮਗਰੋਂ ਦਿੱਲੀ ਲਈ ਰਵਾਨਾ ਹੋਣਗੇ। 22 ਜੂਨ ਨੂੰ ਉਹ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀ ਪਹਿਲਾਂ ਖੜਗੇ ਕਮੇਟੀ ਨਾਲ ਵੀ ਮੀਟਿੰਗ ਹੋ ਸਕਦੀ ਹੈ। ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ’ਚ ਵਧ ਰਹੇ ਰੱਫੜ ਨੂੰ ਦੇਖਦਿਆਂ ਜਲਦ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ। ਚਰਚੇ ਹਨ ਕਿ ਹਾਈਕਮਾਨ ਕੋਈ ਅਗਲਾ ਫ਼ੈਸਲਾ ਲੈਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨਾਲ ਇਕੱਠਿਆਂ ਮੀਟਿੰਗ ਕਰੇਗੀ। ਉਧਰ, ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਮੁੱਖ ਮੰਤਰੀ ਨੂੰ ਮੁੜ ਨਿਸ਼ਾਨੇ ’ਤੇ ਲੈਣ ਨਾਲ ਕਈ ਸ਼ੰਕੇ ਪੈਦਾ ਹੁੰਦੇ ਹਨ। ਪੰਜਾਬ ਕਾਂਗਰਸ ਵਿੱਚ ਬਗ਼ਾਵਤ ਉੱਠਣ ਮਗਰੋਂ ਹਾਈਕਮਾਨ ਨੇ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਸੀ, ਜਿਸ ਨੇ ਸਾਰੇ ਆਗੂਆਂ ਨੂੰ ਸੁਣ ਕੇ ਆਪਣੀ ਰਿਪੋਰਟ ਕਾਂਗਰਸ ਹਾਈਕਮਾਨ ਨੂੰ ਸੌਂਪ ਦਿੱਤੀ ਸੀ।