ਧਨਾਢਾਂ ਲਈ ਬਣਾਏ ਵਿਕਾਸ ਮਾਡਲ ’ਤੇ ਕੇਂਦਰ ਨੂੰ ਘੇਰਿਆ
ਇੱਥੇ ਕੁੱਲ ਹਿੰਦ ਕਿਸਾਨ ਮਹਾਸਭਾ ਦੀ ਪੰਜਵੀਂ ਕਾਨਫਰੰਸ ਦਾ ਡੈਲੀਗੇਟ ਸੈਸ਼ਨ ਕੱਲ੍ਹ ਸ਼ਾਮ ਬਾਬਾ ਜੁਆਲਾ ਸਿੰਘ ਹਾਲ ਵਿੱਚ ਸ਼ੁਰੂ ਹੋਇਆ। ਕਾਨਫਰੰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਦੇਸ਼ ਭਰ ਤੋਂ ਪੁੱਜੇ ਡੈਲੀਗੇਟਾਂ ਦਾ ਸਵਾਗਤ ਕੀਤਾ। ਇਸ ਦੌਰਾਨ...
ਇੱਥੇ ਕੁੱਲ ਹਿੰਦ ਕਿਸਾਨ ਮਹਾਸਭਾ ਦੀ ਪੰਜਵੀਂ ਕਾਨਫਰੰਸ ਦਾ ਡੈਲੀਗੇਟ ਸੈਸ਼ਨ ਕੱਲ੍ਹ ਸ਼ਾਮ ਬਾਬਾ ਜੁਆਲਾ ਸਿੰਘ ਹਾਲ ਵਿੱਚ ਸ਼ੁਰੂ ਹੋਇਆ। ਕਾਨਫਰੰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਦੇਸ਼ ਭਰ ਤੋਂ ਪੁੱਜੇ ਡੈਲੀਗੇਟਾਂ ਦਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਵੱਡੇ ਧਨਾਢਾਂ ਦੇ ਮੁਨਾਫ਼ਿਆਂ ਲਈ ਅਪਣਾਏ ਅਖੌਤੀ ਵਿਕਾਸ ਮਾਡਲ ’ਤੇ ਕੇਂਦਰ ਸਰਕਾਰ ਦੀ ਘੇਰਾਬੰਦੀ ਕੀਤੀ। ਉਨ੍ਹਾਂ ਕਿਹਾ ਕਿ ਕਾਰਪੋਰੇਟ ਕੰਪਨੀਆਂ ਵਿਸ਼ਵ ’ਤੇ ਕਾਬਜ਼ ਹੋਣ ਲਈ ਹਰ ਹਰਬਾ ਵਰਤ ਰਹੀਆਂ ਹਨ। ਇਸ ਲਈ ਲੋਕ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਲਈ ਇਹ ਬੇਹੱਦ ਜ਼ਰੂਰੀ ਹੈ ਉਹ ਲੁਟੇਰਿਆਂ ਦਾ ਟਾਕਰਾ ਕਰਨ ਲਈ ਇਕਜੁੱਟ ਹੋ ਕੇ ਆਪਣੀ ਤਾਕਤ ’ਚ ਵਾਧਾ ਕਰਨ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਪੰਜਾਬ ਕਿਸਾਨ ਯੂਨੀਅਨ ਤੇ ਜਮਹੂਰੀ ਕਿਸਾਨ ਸਭਾ ਦੀ ਏਕਤਾ ਦਾ ਸਵਾਗਤ ਕੀਤਾ। ਸਵੇਰੇ ਦਾ ਸੈਸ਼ਨ ਕੱਲ੍ਹ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਇਆ। ਇਸ ਮਗਰੋਂ ਜਥੇਬੰਦੀ ਦੇ ਜਨਰਲ ਸਕੱਤਰ ਤੇ ਲੋਕ ਸਭਾ ਮੈਂਬਰ ਰਾਜਾ ਰਾਮ ਸਿੰਘ ਨੇ ਕਾਨਫਰੰਸ ਸਾਹਮਣੇ ਸਿਆਸੀ ਜਥੇਬੰਦਕ ਰਿਪੋਰਟ ਪੇਸ਼ ਕੀਤੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਾਰਪੋਰੇਟ ਕੰਪਨੀਆਂ ਦੇ ਮੁਨਾਫ਼ੇ ਲਈ ਉਪਜਾਊ ਜ਼ਮੀਨਾਂ ਵੱਡੇ ਪੈਮਾਨੇ ’ਤੇ ਹੜੱਪੀਆਂ ਜਾ ਰਹੀਆਂ ਹਨ ਅਤੇ ਮੱਕੀ, ਗੰਨੇ ਤੇ ਚੌਲਾਂ ਵਰਗੇ ਖੁਰਾਕੀ ਪਦਾਰਥਾਂ ਤੋਂ ਸ਼ਰਾਬ ਅਤੇ ਈਥੇਨੌਲ ਬਣਾਇਆ ਜਾ ਰਿਹਾ ਹੈ।
ਕੇਂਦਰ ਸਰਕਾਰ ਲਗਾਤਾਰ ਸੂਬਿਆਂ ਦੇ ਹੱਕ ਛਾਂਗ ਕੇ ਆਪਣਾ ਦਖ਼ਲ ਤੇ ਕੰਟਰੋਲ ਵਧਾਉਣ ਲਈ ਫੈਡਰਲ ਢਾਂਚੇ ਦਾ ਗਲ ਘੁੱਟ ਰਹੀ ਹੈ। ਇਸ ਦੌਰਾਨ ਵੱਖ-ਵੱਖ ਸੂਬਿਆਂ ’ਚੋਂ ਪੁੱਜੇ 61 ਕਿਸਾਨ ਪ੍ਰਤੀਨਿਧਾਂ ਨੇ ਰਿਪੋਰਟ ਬਾਰੇ ਚਰਚਾ ਕਰਦਿਆਂ ਆਪਣੇ ਇਤਰਾਜ਼ ਤੇ ਸੁਝਾਅ ਪੇਸ਼ ਕੀਤੇ।
ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਇਹ ਸਫ਼ਲ ਕਾਨਫਰੰਸ ਅਹਿਮ ਸ਼ੁਰੂਆਤ ਹੈ। ਹੁਣ ਦੇਸ਼, ਖਾਸ ਕਰ ਕੇ ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਏਕਤਾ ਦੇ ਇਸ ਸੰਦੇਸ਼ ਨੂੰ ਦੋਹਾਂ ਸੂਬਿਆਂ ’ਚ ਪਿੰਡ-ਪਿੰਡ ਲਿਜਾਣਾ ਹੈ ਅਤੇ ਭੱਵਿਖ ਦੇ ਕਿਸਾਨ ਘੋਲਾਂ ਨੂੰ ਜੇਤੂ ਬਣਾਉਣ ਲਈ ਮਜ਼ਬੂਤ ਸੰਗਠਨ ਖੜ੍ਹਾ ਕਰਨਾ ਹੈ।
ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਖੱਬੇ-ਪੱਖੀ ਕਿਸਾਨ ਜਥੇਬੰਦੀਆਂ ਨੂੰ ਛੋਟੇ ਤੇ ਬੇਜ਼ਮੀਨੇ ਕਿਸਾਨਾਂ ਦੀਆਂ ਸਮੱਸਿਆਵਾਂ ਚੁੱਕਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਦੌਰਾਨ ਲੋਕ ਕਵੀ ਸੰਤ ਰਾਮ ਉਦਾਸੀ ਦੀ ਧੀ ਇਕਬਾਲ ਕੌਰ ਉਦਾਸੀ ਤੇ ਕਮਲਦੀਪ ਜਲੂਰ ਸਮੇਤ ਹੋਰ ਗਾਇਕਾਂ ਨੇ ਇਨਕਲਾਬੀ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ।

