DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Arhtiyas End Strike: ਆੜ੍ਹਤੀਏ ਪਰਤੇ; ਕਣਕ ਦੀ ਖ਼ਰੀਦ ਮੁੜ ਸ਼ੁਰੂ

ਫ਼ਸਲ ’ਚ ਨਮੀ ਦੀ ਮਾਤਰਾ ਜ਼ਿਆਦਾ; ਵਿਸਾਖੀ ਮਗਰੋਂ ਜ਼ੋਰ ਫਡ਼ੇਗੀ ਕਣਕ ਦੀ ਵਾਢੀ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਮੰਡੀ ਵਿੱਚ ਮਜ਼ਦੂਰ ਸਿੱਲੀ ਹੋਈ ਕਣਕ ਨੂੰ ਫਰੋਲਦਾ ਹੋਇਆ। -ਫੋਟੋ: ਇੰਦਰਜੀਤ ਵਰਮਾ
Advertisement

ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਅੱਜ ਆੜ੍ਹਤੀਆਂ ਨੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਮੀਟਿੰਗ ਕੀਤੀ। ਇਸ ਬਾਰੇ ਐਸੋਸੀਏਸ਼ਨ ਦੇ ਸੀਨੀਅਰ ਆਗੂ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸਾ ਮਿਲਣ ਅਤੇ ਮੀਂਹ ਕਾਰਨ ਕਿਸਾਨਾਂ ’ਤੇ ਪਈ ਬਿਪਤਾ ਦੇ ਮੱਦੇਨਜ਼ਰ ਰਸਮੀ ਤੌਰ ’ਤੇ ਉਹ ਭਲਕ ਤੋਂ ਮੰਡੀਆਂ ’ਚ ਕੰਮ ’ਤੇ ਪਰਤਣਗੇ। ਮੁੱਖ ਮੰਤਰੀ ਨੇ ਢਾਈ ਫ਼ੀਸਦੀ ਆੜ੍ਹਤ ਦਾ ਮੁੱਦਾ ਕੇਂਦਰ ਕੋਲ ਰੱਖਣ ਦਾ ਭਰੋਸਾ ਦਿੱਤਾ ਹੈ।

ਭਾਵੇਂ ਆੜ੍ਹਤੀਆਂ ਦੇ ਕੰਮ ’ਤੇ ਪਰਤਣ ਨਾਲ ਖ਼ਰੀਦ ਵਿਚਲਾ ਅੜਿੱਕਾ ਦੂਰ ਹੋ ਗਿਆ ਹੈ ਪਰ ਪੰਜਾਬ ’ਚ ਬੇਮੌਸਮੇ ਮੀਂਹ ਕਾਰਨ ਵਾਢੀ ਦਾ ਕੰਮ ਵਿਸਾਖੀ ਮਗਰੋਂ ਜ਼ੋਰ ਫੜੇਗਾ। ਸੂਬੇ ਦੀਆਂ ਮੰਡੀਆਂ ’ਚ ਆ ਰਹੀ ਫ਼ਸਲ ’ਚ ਨਮੀ ਦੀ ਮਾਤਰਾ ਜ਼ਿਆਦਾ ਹੈ। ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਹਾਲੇ ਫ਼ਸਲ ਦੀ ਆਮਦ ਨੇ ਤੇਜ਼ੀ ਨਹੀਂ ਫੜੀ ਹੈ। ਹੁਣ ਤੱਕ ਖ਼ਰੀਦ ਕੇਂਦਰਾਂ ’ਚ 11984.99 ਮੀਟ੍ਰਿਕ ਟਨ ਫ਼ਸਲ ਹੀ ਪੁੱਜੀ ਹੈ। ਇਸ ਵਿੱਚੋਂ 7693.20 ਮੀਟ੍ਰਿਕ ਟਨ ਖ਼ਰੀਦੀ ਗਈ ਹੈ। ਪ੍ਰਾਈਵੇਟ ਤੌਰ ’ਤੇ ਸਿਰਫ਼ 20 ਮੀਟ੍ਰਿਕ ਟਨ ਫ਼ਸਲ ਖ਼ਰੀਦ ਕੀਤੀ ਹੈ।

Advertisement

ਖੰਨਾ ਮੰਡੀ ਦੇ ਆੜ੍ਹਤੀਏ ਰਾਜ ਸੂਦ ਨੇ ਦੱਸਿਆ ਕਿ ਮੰਡੀਆਂ ’ਚ ਆ ਰਹੀ ਫ਼ਸਲ ’ਚ ਹਾਲੇ ਨਮੀ ਦੀ ਮਾਤਰਾ 14-16 ਫ਼ੀਸਦੀ ਹੈ। ਉਹ ਨਮੀ ਦੀ ਮਾਤਰਾ 12 ਫ਼ੀਸਦੀ ਤੱਕ ਆਉਣ ’ਤੇ ਹੀ ਫ਼ਸਲ ਖ਼ਰੀਦ ਕਰਨਗੇ। ਕਿਸਾਨ ਮੀਂਹ ਕਾਰਨ ਪ੍ਰਤੀ ਏਕੜ 10 ਹਜ਼ਾਰ ਤੋਂ ਜ਼ਿਆਦਾ ਦਾ ਨੁਕਸਾਨ ਦੱਸ ਰਹੇ ਹਨ।

Advertisement

ਮੁਕਤਸਰ ਦੇ ਪਿੰਡ ਕੋਟਲੀ ਦੇਵਨ ਦੇ ਕਿਸਾਨ ਟੇਕ ਸਿੰਘ ਨੇ ਦੱਸਿਆ ਕਿ ਮੀਂਹ ਤੇ ਹਨੇਰੀ ਕਾਰਨ ਫ਼ਸਲਾਂ ਡਿੱਗ ਗਈਆਂ ਹਨ, ਇਸ ਨਾਲ ਕਿਸਾਨਾਂ ਦੇ ਕਟਾਈ ਖ਼ਰਚੇ ਵਧਣਗੇ। ਝਾੜ ਚਾਰ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਤੱਕ ਘੱਟ ਨਿਕਲਣ ਦੀ ਸੰਭਾਵਨਾ ਹੈ।

ਦੂਜੇ ਪਾਸੇ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਆਪਣੇ ਪਿੰਡ ਮਲੂਕਾ ਦੇ ਖ਼ਰੀਦ ਕੇਂਦਰ ਦੀ ਵੀਡੀਓ ਸਾਂਝੀ ਕੀਤੀ ਜਿੱਥੇ ਮੰਡੀ ’ਚ ਹਾਲੇ ਕੋਈ ਸਫ਼ਾਈ ਵਗ਼ੈਰਾ ਵੀ ਨਹੀਂ ਕੀਤੀ ਹੋਈ।

ਪੀੜਤ ਕਿਸਾਨਾਂ ਦੀ ਮਦਦ ਕਰੇਗਾ ਅਕਾਲੀ ਦਲ: ਸੁਖਬੀਰ

ਚੰਡੀਗੜ੍ਹ (ਆਤਿਸ਼ ਗੁਪਤਾ): ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦਿਨੀਂ ਬੇਮੌਸਮੇ ਮੀਂਹ ਅਤੇ ਗੜੇਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਦੀ ਮਦਦ ਦਾ ਐਲਾਨ ਕੀਤਾ ਹੈ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫ਼ਸਲਾਂ ਦੇ ਖ਼ਰਾਬੇ ਲਈ ਸੂਬੇ ਦੇ ਹਲਕਾ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਹੈ। ਸ੍ਰੀ ਬਾਦਲ ਨੇ ਕਿਹਾ ਕਿ 20 ਅਪਰੈਲ ਤੋਂ ਬਾਅਦ ਕਿਸਾਨਾਂ ਨੂੰ ਕਣਕ ਦੇ ਨਾਲ-ਨਾਲ ਹਰੇ ਅਤੇ ਸੁੱਕੇ ਚਾਰੇ ਦੀ ਵੰਡ ਲਈ ਮਦਦ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਹਤ ਸਮੱਗਰੀ ਇਕੱਠੀ ਕਰਨ ਵਾਲੇ ਨੋਡਲ ਪੁਆਇੰਟ ਬਣਾਏ ਜਾਣਗੇ। ਸਬਜ਼ੀ ਕਾਸ਼ਤਕਾਰਾਂ ਦੀ ਵੀ ਮਦਦ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੇ ਹਨ।

Advertisement
×