‘ਸਤਲੁਜ’ ਲਈ ਲਾਈ ਗੋਲਕ ਦੀ ਰਾਸ਼ੀ ਪਿੰਗਲਵਾੜੇ ਨੂੰ ਭੇਟ ਹੋਵੇਗੀ
ਨਿਰਮਾਤਾ ਹਨੀ ਤ੍ਰੇਹਨ ਨੇ ਥੂਹੀ ਪਿੰਡ ਦੇ ਉਪਰਾਲੇ ਨੂੰ ਸਲਾਹਿਆ
ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਦੇ ਸਮਰਥਨ ਵਿੱਚ ਨਾਭਾ ਨੇੜਲੇ ਥੂਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲਾਈ ਗਈ ਗੋਲਕ ਹੁਣ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੋਵੇਗੀ। ਫਿਲਮ ਦੇ ਨਿਰਮਾਤਾ ਹਨੀ ਤ੍ਰੇਹਨ ਨੇ ਗੋਲਕ ਵਿੱਚ ਇਕੱਤਰ ਹੋਈ ਰਾਸ਼ੀ ਪਿੰਗਲਵਾੜਾ, ਅੰਮ੍ਰਿਤਸਰ ਨੂੰ ਭੇਟ ਕਰਨ ਦੀ ਇੱਛਾ ਪ੍ਰਗਟਾਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਸਮਰਥਨ ਲਈ ਦਿਲੋਂ ਧੰਨਵਾਦ ਵੀ ਕੀਤਾ। ਹਨੀ ਤ੍ਰੇਹਨ ਨੇ ਸੋਸ਼ਲ ਮੀਡੀਆ ’ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਵੀਰ ਸਿੰਘ ਥੂਹੀ ਨੂੰ ਟੈਗ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਫਿਲਮ ਉਨ੍ਹਾਂ ਤੱਕ ਪਹੁੰਚੀ ਅਤੇ ਲੋਕਾਂ ਨੇ ਇਸ ਨੂੰ ਐਨਾ ਪਿਆਰ ਦਿੱਤਾ। ਉਨ੍ਹਾਂ ਲਿਖਿਆ, ‘‘ਸਾਨੂੰ ਸਿਰਫ਼ ਤੁਹਾਡਾ ਪਿਆਰ ਅਤੇ ਅਸ਼ੀਰਵਾਦ ਚਾਹੀਦਾ ਹੈ।’’ ਉਨ੍ਹਾਂ ਪਿੰਡ ਵਾਸੀਆਂ ਦੇ ਇਸ ਵਿਲੱਖਣ ਉਪਰਾਲੇ ਲਈ ਧੰਨਵਾਦ ਵੀ ਕੀਤਾ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਵੀਰ ਸਿੰਘ ਥੂਹੀ ਨੇ ਦੱਸਿਆ ਕਿ ਹਨੀ ਤ੍ਰੇਹਨ ਨੇ ਗੋਲਕ ਵਿੱਚ ਇਕੱਤਰ ਹੋਈ ਰਾਸ਼ੀ ਪਿੰਗਲਵਾੜਾ ਅੰਮ੍ਰਿਤਸਰ ਨੂੰ ਭੇਟ ਕਰਨ ਦਾ ਸੁਝਾਅ ਭੇਜਿਆ ਹੈ। ਥੂਹੀ ਨੇ ਕਿਹਾ ਕਿ ਇਹ ਫੈਸਲਾ ਫਿਲਮ ਨਿਰਮਾਤਾ ਦੀ ਸਾਦਗੀ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲ ਸੋਚ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਹਨੀ ਤ੍ਰੇਹਨ ਦੀ ਇੱਛਾ ਅਨੁਸਾਰ ਗੋਲਕ ਖੋਲ੍ਹ ਕੇ ਸਾਰੀ ਰਾਸ਼ੀ ਪਿੰਗਲਵਾੜਾ ਨੂੰ ਭੇਟ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਥੂਹੀ ਪਿੰਡ ਵਿੱਚ ਸਤਲੁਜ ਦੀ ਵਿਸ਼ੇਸ਼ ਸਕਰੀਨਿੰਗ ਤੋਂ ਬਾਅਦ ਕਈ ਪਿੰਡ ਵਾਸੀਆਂ ਨੇ ਫਿਲਮ ਮੁਫ਼ਤ ਦੇਖਣ ਦੀ ਬਜਾਏ ਟਿਕਟ ਦੇ ਬਰਾਬਰ ਰਕਮ ਅਦਾ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਫਿਲਮ ਦੇ ਸਮਰਥਨ ਲਈ ਗੋਲਕ ਰੱਖਣ ਦਾ ਫੈਸਲਾ ਲਿਆ ਗਿਆ।

