Mother Crime Case: ਤਹਿਸੀਲ ਫੂਲ ਦੇ ਪਿੰਡ ਫੂਲੇਵਾਲਾ ਵਿੱਚ ਇੱਕ ਮਾਂ ਵੱਲੋਂ ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਔਰਤ ਨੇ ਕਥਿਤ ਤੌਰ ’ਤੇ ਆਪਣੇ ਪ੍ਰੇਮ ਸਬੰਧਾਂ ਦੇ ਰਾਹ ਵਿੱਚ ਰੋੜਾ ਬਣ ਰਹੇ ਆਪਣੀ 7 ਸਾਲਾ ਧੀ ਅਤੇ 5 ਸਾਲਾ ਪੁੱਤਰ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪੁਲੀਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਮਾਂ ਜੱਸੀ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਇਸ ਰੂਹ ਕੰਬਾਊ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਬੱਚਿਆਂ ਦੇ ਪਿਤਾ ਬੁੱਧ ਸਿੰਘ ਨੇ ਪੁਲੀਸ ਕੋਲ ਸ਼ੱਕ ਜ਼ਾਹਿਰ ਕੀਤਾ। ਬੁੱਧ ਸਿੰਘ ਅਨੁਸਾਰ ਕੁਝ ਦਿਨ ਪਹਿਲਾਂ ਉਸ ਦੀ ਲੜਕੀ ਸੁਖਪ੍ਰੀਤ ਕੌਰ (7) ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ ਅਤੇ ਬੀਤੇ ਦਿਨ ਉਸ ਦੇ ਲੜਕੇ ਅਰਸ਼ਦੀਪ ਸਿੰਘ (5) ਨੇ ਵੀ ਦਮ ਤੋੜ ਦਿੱਤਾ। ਪੁਲੀਸ ਨੇ ਜਦੋਂ ਸਖ਼ਤੀ ਨਾਲ ਜਾਂਚ ਕੀਤੀ ਤਾਂ ਜੱਸੀ ਕੌਰ ਨੇ ਮੰਨਿਆ ਕਿ ਉਸ ਨੇ ਆਪਣੀ ਭੈਣ ਮੋਟੋ ਕੌਰ ਅਤੇ ਇੱਕ ਹੋਰ ਵਿਅਕਤੀ ਲਖਵੀਰ ਸਿੰਘ ਨਾਲ ਮਿਲ ਕੇ ਇਹ ਖ਼ੌਫ਼ਨਾਕ ਸਾਜ਼ਿਸ਼ ਰਚੀ ਸੀ।
ਡੀ.ਐਸ.ਪੀ. ਫੂਲ ਮਨੋਜ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਨਾਜਾਇਜ਼ ਪ੍ਰੇਮ ਸਬੰਧਾਂ ਨਾਲ ਜੁੜਿਆ ਹੋਇਆ ਲੱਗਦਾ ਹੈ। ਪੁਲੀਸ ਨੇ ਜੱਸੀ ਕੌਰ, ਉਸ ਦੀ ਭੈਣ ਅਤੇ ਲਖਵੀਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਲੜਕੇ ਅਰਸ਼ਦੀਪ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦੋਂਕਿ ਲੜਕੀ ਦਾ ਪਹਿਲਾਂ ਹੀ ਸਸਕਾਰ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਹੈ।

