ਚਰਨਜੀਤ ਭੁੱਲਰ
ਚੰਡੀਗੜ੍ਹ, 10 ਜਨਵਰੀ
ਤਖ਼ਤਾਂ ਵਾਲਿਆ ਤੂੰ ਅੱਖਾਂ ਨਾ ਫੇਰ। ਏਹ ਖੇਤਾਂ ਦੇ ਕਰਨਲ ਨੇ, ਰੰਗਰੂਟ ਨਹੀਂ। ਇਨ੍ਹਾਂ ਦੇ ਚਿਹਰੇ ਨਾ ਪੜ੍ਹ, ਹੱਥਾਂ ਦੇ ਅੱਟਣ ਦੇਖ। ਇਹ ਨਾ ਬੇਜ਼ਮੀਰੇ ਨੇ ਨਾ ਹੀ ਭਿਖਾਰੀ। ਇਹ ਤਾਂ ਖੇਤਾਂ ਦੇ ਲਲਾਰੀ ਨੇ। ਸਿੰਘੂ ’ਚ ਰੰਗੋਲੀ ਐਵੇਂ ਨਹੀਂ ਸਜੀ। ਸਿੰਘੂ ਸਰਹੱਦ ਦੇ ਤੰਬੂ ਦੇਖ। ਔਹ ਤੰਬੂ ਦੀ ਇਬਾਰਤ ’ਤੇ ਗੌਰ ਕਰ, ‘ਸਭ ਤੋਂ ਖਤਰਨਾਕ ਹੁੰਦਾ ਹੈ ਏਹ ਮੰਨ ਲੈਣਾ ਕਿ ਰੋਟੀ ਬਾਜ਼ਾਰ ਤੋਂ ਮਿਲਦੀ ਹੈ।’
ਬਾਤਾਂ ਵਾਲਿਆ! ਤਖ਼ਤੀ ਪੜ੍ਹ, ਬਤੰਗੜ੍ਹ ਨਾ ਬਣਾ। ਅਤਿਵਾਦੀ ਨੇ, ਨਕਸਲੀ ਨੇ। ‘ਪਿਕਨਿਕ ਮਨਾਉਣ ਆਏ ਨੇ।’ ਆਓ ਸਿੰਘੂ/ਟਿਕਰੀ ਸਰਹੱਦ ਚੱਲੀਏ। ਭਾਈਓ! ਏਹ ਕਿਸਾਨਗੜ੍ਹ ਐ। ਹੁਣ ਅੱਖੀਂ ਡਿੱਠਾ ਹਾਲ ਸੁਣੋ। ਬ੍ਰਹਿਮੰਡ ਦੇ ਪਹਿਲੇ ਖ਼ਬਰਚੀ, ‘ਨਾਰਦ ਮੁਨੀ’ ਤੋਂ। ਸ਼ੁਰੂਆਤ ਬਹਾਦਰਗੜ੍ਹ ਦੇ ਸਿਵਿਆਂ ਤੋਂ। ਸਿਵਿਆਂ ’ਚ ਬਲਦੀ ਭੱਠੀ, ਭੱਠੀ ਕੋਲ ਕੌਣ ਸੌਂਦੈ। ਮੰਡੀ ਕਲਾਂ ਦੇ ਦਰਜਨਾਂ ਕਿਸਾਨ, ਜਿਨ੍ਹਾਂ ਨੇ ਸਿਵਿਆਂ ’ਚ ਸਿਰਹਾਣੇ ਲਾਏ ਨੇ। ਉੱਜਲ ਸਿੰਘ ਆਖਦੈ, ‘ਖੇਤੀ ਕਾਨੂੰਨ ਵੀ ਸਾਡੀ ਮੌਤ ਹੀ ਨੇ।’
ਕੈਮਰਾ ਟਿਕਰੀ ਸਟੇਜ ’ਤੇ ਪਿਐ। ਮੱਧ ਪ੍ਰਦੇਸ਼ ਦੀ ਸੱਤ ਵਰ੍ਹਿਆਂ ਦੀ ਬੱਚੀ। ਸਨਿਕਾ ਪਟੇਲ ਬੋਲੀ…‘ਮੈਂ ਕਿਸਾਨ ਕੀ ਬੇਟੀ ਹੂੰ।’ ਨਾਲੇ ਕਵਿਤਾ ਵੀ ਬੋਲ ਗਈ,‘ਲੇ ਮਸ਼ਾਲੇਂ ਚੱਲ ਪੜ੍ਹੇ ਹੈੈੈਂ, ਲੋਗ ਮੇਰੇ ਗਾਓਂ ਕੇ।’ ਓਧਰ ਵੀ ਵੇਖੋ, ਫੌਜੀ ਵਰਦੀ ’ਚ, ਸਰਹੱਦ ਤੋਂ ਡਿਪਟੀ ਕਮਾਂਡਰ ਆਇਐ। ਇੰਝ ਬੋਲਿਆ, ‘ਕਿਸਾਨਾਂ ਦੇ ਪੁੱਤ ਨਾ ਰਹੇ, ਭਾਰਤ ਮਾਤਾ ਕਿਥੋਂ ਰਹੂ।’ ਲੰਗਰ ਲਾਗੇ ਜੱਗਰ ਸਿਓਂ ਬੈਠੈ, 42 ਦਿਨਾਂ ਤੋਂ ਭਾਂਡੇ ਮਾਂਜ ਰਿਹੈ, ਨਕਲੀ ਲੱਤ ਕੋਲ ਪਈ ਐ।
ਪੰਜਾਬ ਤੋਂ ਹਜ਼ਾਰਾਂ ਮੁੰਡੇ ਦਿੱਲੀ ਸਰਹੱਦ ’ਤੇ ਆਏ ਨੇ। ਅਕਲਾਂ ਵਾਲਿਆ! ਅਕਲ ਨੂੰ ਹੱਥ ਮਾਰ। ਤਖ਼ਤੀ ਨੂੰ ਨੇੜਿਓਂ ਤੱਕ। ਟਰੈਕਟਰਾਂ ਵਾਲੇ ਮੁੰਡੇ ਜ਼ਿੱੱਦੀ ਬੜੇ ਨੇ, ਆਖਦੇ ਨੇ ‘ਅਲਗੋਜ਼ੇ ਛੱਡੋ, ਪੀਪਣੀ ਵਜਾਵਾਂਗੇ।’ ਕੋਈ ਸਿਰੜ ਸਿੰਘ ਐ, ਕੋਈ ਸਿਦਕ ਲਾਲ ਤੇ ਕੋਈ ਜੋਸ਼ ਖਾਨ। ਖੋਜੀ ਸੁਭਾਅ ਵਾਲਾ ਨਾਰਦ, ਧਰਮਿੰਦਰ ਤੇ ਸਨੀ ਦਿਓਲ ਨੂੰ ਲੱਭਦੈ। ਉੱਘ-ਸੁੱਘ ਹੇਮਾ ਮਾਲਿਨੀ ਦੀ ਵੀ ਨਹੀਂ ਮਿਲੀ।
ਤਾਹੀਓਂ ਮਝੈਲ ਤਪੇ ਪਏ ਨੇ, ਅਖੇ ਢਾਈ ਕਿਲੋ ਦਾ ਹੱਥ ਕਿਤੇ ਮਿਲੇ ਤਾਂ ਸਹੀ। ਹੰਸ ਰਾਜ ਨਾਗਪੁਰੀ ਸੰਤਰੇ ਖਾ ਰਿਹੈ, ਮੌਜਾਂ ਹੀ ਮੌਜਾਂ। ਅਮਰੀਕਾ ਤੋਂ ਕਮਲਾ ਹੈਰਿਸ ਦਾ ਫੋਨ ਬੇਬੇ ਮਹਿੰਦਰ ਕੌਰ ਨੂੰ ਆਇਐ। ਮਾਸੀ ਜੀ! ਬੱਸ ਡਟੇ ਰਹਿਣਾ, ਦੇਰ ਐ ਅੰਧੇਰ ਨਹੀਂ। ਅੱਗਿਓਂ ਬੇਬੇ ਆਖਿਆ, ਕਮਲਾ ਪੁੱਤ! ਸਾਨੂੰ ਵੀ ਦੇ ਕੋਈ ਤਵੀਤ।
ਕੁਰਸੀ ਵਾਲਿਆ! ਤੂੰ ਲੋਹੜਾ ਨਾ ਮਾਰਦਾ, ਜਵਾਨ ਪੁੱਤਾਂ ਦੇ ਸਿਵੇ ਨਾ ਬਲਦੇ। ਸਿਵੇ ਹਾਲੇ ਠੰਢੇ ਹੋਏ ਨਹੀਂ, ਬਾਪ ਮੁੜ ਸਿੰਘੂ ਆ ਬੈਠੇ ਨੇ। ਧੰਨ ਜਿਗਰਾ ਇਨ੍ਹਾਂ ਦਾ। ਇਨ੍ਹਾਂ ਨੂੰ ਸੱਤ ਬੇਗਾਨੇ ਨਾ ਸਮਝ। ਮਾਓ ਜੇ ਤੁੰਗ ਆਖਦੈ…‘ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓ।’ ਤੁੰਗ ਤੋਂ ਨਹੀਂ ਸਿੱਖਣਾ, ਬਰਲਿਨ ਦੀ ਕੰਧ ਤੋਂ ਸਿੱਖ ਲਓ। ਲੀਰਾਂ ਦੀ ਖੁੱਦੋਂ ਕਿਵੇਂ ਖਿੱਲਰਦੀ ਐ, ਬੇਸ਼ੱਕ ਏਹ ਟਰੰਪ ਨੂੰ ਪੁੱਛ ਲਓ। ਅੰਨਦਾਤਾ ਨੇ, ਹਰੀ ਕ੍ਰਾਂਤੀ ਦੇ ਵਾਰਸ। ਹੁਣ ਖਾਮੋਸ਼ ਕ੍ਰਾਂਤੀ ਦਾ ਮੁੱਖ ਬੰਦ ਲਿਖਣ ਲੱਗੇ ਨੇ। ਸਰਬਜੀਤ ਕੌਰ ਜੱਸ ਨੇ ਬੋਲੀ ਪਾਈ ਐ, ‘ਵੇ ਆ ਪੁੱਟੀਏ ਮੁਹੱਬਤਾਂ ਦੇ ਖੇਤ ’ਚੋਂ, ਸੋਚਾਂ ’ਚ ਨਦੀਨ ਚੜ੍ਹਿਆ।’
ਨਾਰਦ ਮੁਨੀ ਦੇ ਪੈਰ ਚੱਕਰ ਐ। ਦਿਨ ਢਲ਼ ਚੱਲਿਆ ਹੈ, ਔਹ ਟਰਾਲੀ ’ਚ ਕੋਈ ਕਿਸਾਨ ਘੋੜਾ ਬਣਿਐ… ਢੂਹੀ ’ਤੇ ਬੱਚਾ ਬੈਠੈ, ‘ਚੱਲ ਮੇਰੇ ਘੋੜੇ, ਟਿੱਕ ਟਿੱਕ ਟਿੱਕ।’ ਟਰਾਲੀ ਦੇ ਨੇੜੇ ਖੜ੍ਹੇ ਬਾਪ ਗੁਰਮੇਲ ਸਿੰਘ ਨੇ ਪਿਓ ਪੁੱਤ ਦਾ ਲਾਡ ਵੇਖਿਆ, ਅੱਥਰੂ ਆਪਮੁਹਾਰੇ ਵਹਿ ਤੁਰੇ। ਘੋਲ ’ਚ ਜਵਾਨ ਪੁੱਤ ਵਿਗੋਚਾ ਦੇ ਗਿਆ। ਇਵੇਂ ਇੱਕ ਹੋਰ ਜਵਾਨ ਪੋਤਾ ਵਿਦਾ ਹੋਇਆ। ਬਿਰਧ ਦਾਦੀ ਨੇ ਗੱਚ ਭਰਿਆ, ਜਦੋਂ ਇੱਕ ਬੱਚਾ ਆਪਣੀ ਮਾਂ ਹੱਥੋਂ ਰੋਟੀ ਖਾਂਦਾ ਵੇਖਿਆ। ਨਰਿੰਦਰਪਾਲ ਕੌਰ ਦੀ ਤੁਕ ਢੁਕਵੀਂ ਐ… ‘ਹੁਣ ਜਦ ਵੀ ਉਸ ਰੁੱਖ ’ਤੇ ਕੋਈ ਪੰਛੀ ਆਪਣੇ ਬੱਚਿਆਂ ਨੂੰ ਚੋਗਾ ਚੁਗਾਉਂਦਾ ਹੈ, ਉਸ ਨੂੰ ਘਰ ਬਹੁਤ ਯਾਦ ਆਉਂਦਾ ਹੈ।’
ਉਧਰ ਗਾਜ਼ੀਪੁਰ ਸਰਹੱਦ ’ਤੇ ਬੈਠੀ ਕੁੜੀ ਪੂਨਮ ਪੰਡਿਤ ਗਰਜੀ, ‘ਘਰੋਂ ਸ਼ਹਾਦਤ ਦੇਣ ਲਈ ਆਈ ਹਾਂ।’ ‘ਤੁਸੀਂ ਹਰ ਕਿਸੇ ਨੂੰ ਆਪਣੇ ਉਪਰੋਂ ਲੰਘਣ ਦਿਓਗੇ, ਤੱਪੜ ਬਣ ਜਾਓਗੇ।’ ਸਮੁੱਚੀ ਕਿਸਾਨੀ ਨੇ ਖੰਘੂਰਾ ਮਾਰਿਆ। ਨਾਰਦ ਹਰ ਪੈੜ ਨੂੰ ਨੱਪ ਰਿਹੈ। ਤਖ਼ਤੀ ਅਤੇ ਖੰਘੂਰੇ ਦੇ ਮਾਅਨੇ ਹਕੂਮਤ ਕੀ ਜਾਣੇ।
ਕੇਰਾਂ ਕਿਸੇ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ’ਤੇ ਪੱਥਰ ਮਾਰਿਆ। ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਪੱਥਰਬਾਜ਼ ਨੂੰ ਫੜਨਾ ਚਾਹਿਆ। ਮਹਾਰਾਜੇ ਨੇ ਅਹਿਲਕਾਰਾਂ ਨੂੰ ਰੋਕਤਾ। ‘ਭਲਿਓ, ਏਸ ਪੱਥਰਬਾਜ਼ ਨੇ ਸਾਨੂੰ ਔਕਾਤ ਦੱਸੀ ਐ ਕਿ ਏਹ ਰਾਜ ਭਾਗ ਉਨ੍ਹਾਂ ਦਾ ਦਿੱਤਾ ਹੋਇਐ।’ ਚਾਣਕਿਆ ਆਖਦੇ ਨੇ,‘ਔਖੇ ਸਮੇਂ ਅੰਦਰ ਬੁੱਧੀ ਹੀ ਰਾਹ ਦਿਖਾਉਂਦੀ ਹੈ।’ ਅਕਲਾਂ ਦਾ ਛਾਬਾ ਖਾਲੀ ਹੋਵੇ, ਫੇਰ ਕੀ ਕਰੀਏ। ਛੱਜੂ ਰਾਮ ਪਿੰਡ ਗਿਐ, ਨਹੀਂ ਉਸ ਤੋਂ ਪੁੱਛ ਲੈਂਦੇ।
ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸੁਆਲ ਕੀਤੈ। ‘ਜੈ ਚੰਦ’ ਪਤਾ ਕਿਸ ਨੂੰ ਆਖਦੇ ਨੇ। ਜੋ ਮੈਦਾਨ ਛੱਡ ਕੇ ਭੱਜੇ । ਟਿਕੈਤ ਨੇ ਜ਼ਮੀਰਾਂ ਨੂੰ ਹਲੂਣਾ ਦਿੱਤੈ। ‘ਜੋ ਸੋਧਾਂ ਲਈ ਮੰਨੇਗਾ, ‘ਜੈ ਚੰਦ’ ਕਹਾਏਗਾ। ਜੋ ਪਿੱਛੇ ਪੰਜਾਬ ਬੈਠੇ ਨੇ, ਉਹ ਵੀ ਜਲਦ ਦਿੱਲੀ ਆਉਣਗੇ।