
ਜੋਗਿੰਦਰ ਸਿੰਘ ਮਾਨ
ਮਾਨਸਾ, 14 ਮਈ
ਗਰਮੀਆਂ ਦੀਆਂ ਛੁੱਟੀਆਂ ਨੇ ਅਧਿਆਪਕਾਂ ਨੂੰ ਇਕ ਵਾਰ ਫੇਰ ਭੰਬਲਭੂਸੇ ਚ ਪਾ ਦਿੱਤਾ ਹੈ। ਪੰਜਾਬ ਸਰਕਾਰ ਨੇ ਪਹਿਲਾਂ 15 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ, ਜਿਸ ਦੇ ਮੱਦੇਨਜ਼ਰ ਅਧਿਆਪਕਾਂ ਨੇ ਵੀ ਸ਼ੁੱਕਰਵਾਰ ਨੂੰ ਬੱਚਿਆਂ ਨੂੰ ਛੁੱਟੀਆਂ ਕਰਦਿਆਂ ਸਕੂਲਾਂ ਨੂੰ ਜਿੰਦੇ ਲਾ ਦਿੱਤੇ ਸਨ ਪਰ ਬਾਅਦ ’ਚ ਸਰਕਾਰ ਦੇ ਆਏ ਨਵੇਂ ਫੁ਼ਰਮਾਨ ਨੇ ਅਧਿਆਪਕਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਅਧਿਆਪਕ ਹੁਣ ਪਿੰਡ-ਪਿੰਡ ਗੁਰੂ ਘਰਾਂ ਤੋਂ ਵਿਦਿਆਰਥੀਆਂ ਨੂੰ ਸੋਮਵਾਰ ਤੋਂ ਮੁੜ ਸਕੂਲ ਆਉਣ ਲਈ ਅਪੀਲਾਂ ਕਰਨ ਲੱਗੇ ਹਨ। ਵੱਖ ਵੱਖ ਅਧਿਆਪਕ ਜਥੇਬੰਦੀਆਂ ਦਾ ਕਹਿਣਾ ਕਿ ਸਰਕਾਰਾਂ ਨੇ ਸਕੂਲਾਂ ਨੂੰ ਮਜ਼ਾਕ ਦਾ ਕੇਂਦਰ ਬਣਾ ਦਿੱਤਾ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਪੰਨੂ, ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਸਰਕਾਰ ਦੇ ਇਸ ਫੈਸਲੇ ਨੂੰ ਮੰਦਭਾਗਾ ਦੱਸਿਆ ਹੈ ਕਹਿਣਾ ਹੈ ਕਿ ਅਧਿਆਪਕ ਕਿਸੇ ਤਰ੍ਹਾਂ ਦੀਆਂ ਛੁੱਟੀਆਂ ਦੇ ਲਾਲਚੀ ਨਹੀਂ ਹਨ ਪਰ ਫੈਸਲਿਆਂ ਨੂੰ ਵਾਰ ਵਾਰ ਬਦਲਣਾ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਨਾਲ ਮਜ਼ਾਕ ਹੈ। ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਨੇ ਕਿਹਾ ਕਿ ਅਧਿਆਪਕਾਂ ਵੱਲ੍ਹੋਂ ਛੁੱਟੀਆਂ ਦੇ ਮੱਦੇਨਜ਼ਰ ਵਾਧੂ ਪਏ ਮਿਡ ਡੇ ਮੀਲ ਦੇ ਸਾਮਾਨ ਨੂੰ ਵਾਪਿਸ ਕਰ ਦਿੱਤਾ ਸੀ। ਹੁਣ ਉਹ ਵਿਦਿਆਰਥੀਆਂ ਨੂੰ ਵਾਪਸ ਬਲਾਉਣ ਲਈ ਪਿੰਡਾਂ ਦੇ ਗੁਰੂ ਘਰਾਂ ’ਚੋਂ ਮੁਨਿਆਦੀ ਕਰਨ ਦੇ ਨਾਲ ਨਾਲ ਫੋਨਾਂ ਜ਼ਰੀਏ ਵੀ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਡੀਟੀਐੱਫ ਦੇ ਸੂਬਾਈ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਨੇ ਇਸ ਫੈਸਲਾ ਦਾ ਬੇਸ਼ੱਕ ਸਵਾਗਤ ਕੀਤਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਹਿਲਾਂ ਹੀ ਦਰੁਸਤ ਫੈਸਲੇ ਲੈ ਲੈਣੇ ਚਾਹੀਦੇ ਹਨ। ਅਧਿਆਪਕ ਆਗੂ ਹਰਦੀਪ ਸਿੱਧੂ, ਕਰਮਜੀਤ ਤਾਮਕੋਟ,ਅਮੋਲਕ ਡੇਲੂਆਣਾ ਦਾ ਕਹਿਣਾ ਹੈ ਕਿ ਕਰੋਨਾ ਕਾਰਨ ਵਿਦਿਆਰਥੀਆਂ ਦਾ ਪੜ੍ਹਾਈ ਪੱਖੋਂ ਪਹਿਲਾ ਹੀ ਬਹੁਤ ਨੁਕਸਾਨ ਹੋਇਆ ਹੈ, ਜਿਸ ਕਰਕੇ ਸਰਕਾਰ ਨੂੰ ਹੁਣ ਗੰਭੀਰਤਾ ਨਾਲ ਸਕੂਲਾਂ ਅੰਦਰ ਆਪਣੇ ਸਹੀ ਫੈਸਲਿਆਂ ਨੂੰ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੇਕਰ ਹੁਣ ਮੁੜ ਸਕੂਲ ਖੋਲ੍ਹੇ ਗਏ ਹਨ ਤਾਂ ਵਿਦਿਆਰਥੀਆਂ ਦੀਆਂ ਰਹਿੰਦੀਆਂ ਕਿਤਾਬਾਂ ਦਾ ਵੀ ਤਰੁੰਤ ਪ੍ਰਬੰਧ ਕਰੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ