ਪੰਜਾਬ ਭਰ ਤੋਂ ਆਏ ਅਧਿਆਪਕਾਂ ਵੱਲੋਂ ਮੁਹਾਲੀ ’ਚ ਰੈਲੀ
ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਵੱਲ ਮਾਰਚ ਰੋਕਣ ’ਤੇ ਸਡ਼ਕ ਜਾਮ ਕੀਤੀ
ਕਰਮਜੀਤ ਸਿੰਘ ਚਿੱਲਾ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਅੱਜ ਵਿੱਦਿਆ ਭਵਨ ਮੁਹਾਲੀ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ। ਇਸ ਮੌਕੇ ਪੰਜਾਬ ਭਰ ਤੋਂ ਆਏ ਸੈਂਕੜੇ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਦੌਰਾਨ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਦੇ ਮੰਗ ਪੱਤਰ ਲੈਣ ਨਾ ਪਹੁੰਚਣ ’ਤੇ ਰੋਹ ਵਿੱਚ ਆਏ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕਰ ਦਿੱਤਾ। ਚੰਡੀਗੜ੍ਹ ਪੁਲੀਸ ਵੱਲੋਂ ਕੀਤੀ ਬੈਰੀਕੇਡਿੰਗ ਤੋਂ ਕੁੱਝ ਦੂਰੀ ’ਤੇ ਅਧਿਆਪਕਾਂ ਨੇ ਚੰਡੀਗੜ੍ਹ-ਮੁਹਾਲੀ ਬਾਰਡਰ ਨੇੜੇ ਸੜਕ ਜਾਮ ਕਰ ਦਿੱਤੀ। ਮੁਹਾਲੀ ਪ੍ਰਸ਼ਾਸਨ ਨੇ ਆਗੂਆਂ ਨੂੰ ਸਿੱਖਿਆ ਵਿਭਾਗ ਨਾਲ 9 ਜੂਨ ਨੂੰ ਪੈਨਲ ਮੀਟਿੰਗ ਅਤੇ 23 ਜੂਨ ਨੂੰ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਸੌਂਪਿਆ, ਇਸ ਤੋਂ ਬਾਅਦ ਧਰਨਾਕਾਰੀ ਵਾਪਸ ਚਲੇ ਗਏ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਮਨੋਹਰ ਲਾਲ ਸ਼ਰਮਾ, ਕਰਨੈਲ ਫਿਲੌਰ, ਕੁਲਦੀਪ ਸਿੰਘ ਪੁਰੋਵਾਲ, ਗੁਰਪ੍ਰੀਤ ਸਿੰਘ ਅੰਮੀਵਾਲ, ਗੁਰਦੀਪ ਸਿੰਘ ਬਾਜਵਾ, ਹਰਿੰਦਰ ਮੱਲੀਆਂ, ਦੇਵੀ ਦਿਆਲ, ਰਵਿੰਦਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਅਤੇ ਹੋਰਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨ ਕਰੇ। ਉਨ੍ਹਾਂ ਟੈੱਟ ਦੀ ਬੇਲੋੜੀ ਸ਼ਰਤ ਰੱਦ ਕਰਨ, ਹਰ ਕਾਡਰ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਉੱਪਰੋਂ ਸ਼ੁਰੂ ਕਰ ਕੇ ਮੁਕੰਮਲ ਕਰਨ, ਕੌਮੀ ਸਿੱਖਿਆ ਨੀਤੀ 2020 ਨੂੰ ਪੰਜਾਬ ਵਿਧਾਨ ਸਭਾ ਵੱਲੋਂ ਰੱਦ ਕਰ ਕੇ ਪੰਜਾਬ ਦੀ ਬੋਲੀ, ਅਮੀਰ ਸੱਭਿਆਚਾਰ, ਇਤਿਹਾਸਕ ਮਹੱਤਤਾ ਅਤੇ ਭੂਗੋਲਿਕ ਹਾਲਤਾਂ ਦੇ ਆਧਾਰ ’ਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਦੀ ਮੰਗ ਕੀਤੀ। ਇਸੇ ਤਰ੍ਹਾਂ ਉਨ੍ਹਾਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਕੰਪਿਊਟਰ ਅਧਿਆਪਕ, ਐੱਨ ਐੱਸ ਕਿਊ ਐੱਫ ਸਕੀਮ ਅਧੀਨ ਅਧਿਆਪਕ, ਕੱਚੇ ਅਧਿਆਪਕ (ਸਿੱਖਿਆ ਪ੍ਰੋਵਾਈਡਰ, ਈ ਜੀ ਐੱਸ, ਐੱਸ ਟੀ ਆਰ ਵਾਲੰਟੀਅਰ), ਮੈਰੀਟੋਰੀਅਸ ਸਕੂਲਾਂ ਦੇ ਠੇਕਾ, ਆਊਟਸੋਰਸ ਆਦਿ ਸਕੀਮਾਂ ਤਹਿਤ ਕੰਮ ਕਰ ਰਹੇ ਸਮੁੱਚੇ ਅਧਿਆਪਕਾਂ ਦਾ ਸਿੱਖਿਆ ਵਿਭਾਗ ਵਿੱਚ ਰਲੇਵਾਂ ਕਰ ਕੇ ਤੇ ਸੀ ਐੱਸ ਆਰ ਲਾਗੂ ਕਰ ਕੇ ਤਨਖ਼ਾਹ ਪੂਰੇ ਭੱਤਿਆਂ ਸਣੇ ਦੇਣ, ਹਰ ਤਰ੍ਹਾਂ ਦੀਆਂ ਰੀਕਾਸਟ ਲਿਸਟਾਂ ਰੱਦ ਕਰਨ, ਅਧਿਆਪਕਾਂ ਤੋਂ ਕਰਵਾਏ ਜਾ ਰਹੇ ਹਰ ਤਰ੍ਹਾਂ ਦੇ ਗ਼ੈਰ-ਵਿੱਦਿਅਕ ਕੰਮ ਤੋਂ ਅਧਿਆਪਕਾਂ ਨੂੰ ਛੋਟ ਦੇਣ ਦੀ ਮੰਗ ਕੀਤੀ ਗਈ। ਅਧਿਆਪਕ ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।

