ਟੈਕਸ ਲਾਭ ਯੂਪੀਐੱਸ ’ਤੇ ਵੀ ਲਾਗੂ ਹੋਣਗੇ: ਵਿੱਤ ਮੰਤਰਾਲਾ
ਨਵੀਂ ਦਿੱਲੀ: ਸਾਂਝੀ ਪੈਨਸ਼ਨ ਸਕੀਮ (ਯੂਪੀਐੱਸ) ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਇਸ ਯੋਜਨਾ ਦਾ ਬਦਲ ਚੁਣਨ ਵਾਲੇ ਮੁਲਾਜ਼ਮਾਂ ਨੂੰ ਕੌਮੀ ਪੈਨਸ਼ਨ ਪ੍ਰਣਾਲੀ (ਐੱਨਪੀਐੱਸ) ਦੇ ਬਰਾਬਰ ਟੈਕਸ ਲਾਭ ਦੇਣ ਲਈ ਜ਼ਰੂਰੀ ਬਦਲਾਅ ਕੀਤੇ ਹਨ। ਵਿੱਤ ਮੰਤਰਾਲੇ ਨੇ ਅੱਜ ਇੱਕ ਬਿਆਨ ’ਚ ਕਿਹਾ ਕਿ ਯੂਪੀਐੱਸ ਨੂੰ ਟੈਕਸ ਪ੍ਰਣਾਲੀ ਅਧੀਨ ਸ਼ਾਮਲ ਕਰਨਾ ਪਾਰਦਰਸ਼ੀ, ਲਚਕੀਲਾ ਤੇ ਟੈਕਸ-ਨਿਪੁੰਨ ਵਿਕਲਪਾਂ ਰਾਹੀਂ ਕੇਂਦਰ ਸਰਕਾਰ ਦੇ ਮੁਲਜ਼ਮਾਂ ਲਈ ਸੇਵਾਮੁਕਤੀ ਸੁਰੱਖਿਆ ਮਜ਼ਬੂਤ ਬਣਾਉਣ ਵੱੱਲ ਸਰਕਾਰ ਦਾ ਇੱਕ ਹੋਰ ਕਦਮ ਹੈ। ਮੰਤਰਾਲੇ ਨੇ ਕਿਹਾ, ‘‘ਸਰਕਾਰ ਨੇ ਤੈਅ ਕੀਤਾ ਹੈ ਕਿ ਐੱਨਪੀਐੱਸ ਤਹਿਤ ਉਪਲਬਧ ਟੈਕਸ ਲਾਭ ਯੂਪੀਐੱਸ ’ਤੇ ਵੀ ਲਾਗੂ ਹੋਣਗੇ ਕਿਉਂਕਿ ਇਹ ਐੱਨਪੀਐੱਸ ਤਹਿਤ ਇੱਕ ਵਿਕਲਪ ਹੈ।’’ ਇਹ ਪ੍ਰਬੰਧ ਮੌਜੂਦਾ ਐੱਨਪੀਐੱਸ ਢਾਂਚੇ ਨਾਲ ਸਮਾਨਤਾ ਯਕੀਨੀ ਬਣਾਉਂਦੇ ਹਨ ਅਤੇ ਯੂਪੀਐੱਸ ਦਾ ਬਦਲ ਚੁਣਨ ਵਾਲੇ ਮੁਲਾਜ਼ਮਾਂ ਨੂੰ ਢੁੱਕਵੀਂ ਟੈਕਸ ਰਾਹਤ ਤੇ ਲਾਭ ਪ੍ਰਦਾਨ ਕਰਦੇ ਹਨ। ਵਿੱਤ ਮੰਤਰਾਲੇ ਨੇ 24 ਜਨਵਰੀ ਨੂੰ ਨੋਟੀਫਾਈ ਕੀਤਾ ਸੀ ਕਿ ਪਹਿਲੀ ਅਪਰੈਲ 2025 ਤੋਂ ਕੇਂਦਰ ਸਰਕਾਰ ਦੀ ਸਿਵਲ ਸੇਵਾ ’ਚ ਭਰਤੀ ਹੋਣ ਵਾਲੇ ਮੁਲਾਜ਼ਮਾਂ ਲਈ ਐੱਨਪੀਐੱਸ ਤਹਿਤ ਇੱਕ ਬਦਲ ਵਜੋਂ ਯੂਪੀਐੱਸ ਲਾਗੂ ਕੀਤਾ ਗਿਆ ਸੀ। -ਪੀਟੀਆਈ