ਤਰਨ ਤਾਰਨ ਜ਼ਿਮਨੀ ਚੋਣ: ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਐਲਾਨਿਆ
ਹਲਕੇ ਅੰਦਰ ‘ਆਜ਼ਾਦ ਗਰੁੱਪ’ ਦੇ ਨਾਂ ’ਤੇ ਸਿਆਸੀ ਗਤੀਵਿਧੀਆਂ ਕਰਦੇ ਆ ਰਹੇ ਗਰੁੱਪ ਵੱਲੋਂ ਬੀਬੀ ਸੁਖਵਿੰਦਰ ਕੌਰ ਨੂੰ ਕੁਝ ਦਿਨ ਪਹਿਲਾਂ ਹੀ ਆਪਣਾ ਆਗੂ ਚੁਣਿਆ ਗਿਆ ਸੀ, ਜਿਨ੍ਹਾਂ ਨੂੰ ਅੱਜ ਪਹਿਲਾਂ ਸੁਖਬੀਰ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਅਤੇ ਬਾਅਦ ਵਿੱਚ ਉਮੀਦਵਾਰ ਵੀ ਐਲਾਨ ਦਿੱਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਆਪਣੀਆਂ ਵਿਰੋਧੀ ਧਿਰਾਂ ਤੇ ਖ਼ਾਸ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਤੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸਾਜ਼ਿਸ਼ ਤਹਿਤ ਸੋਸ਼ਲ ਮੀਡੀਆ ਰਾਹੀਂ ਅਕਾਲੀ ਦਲ ਨੂੰ ਬਦਨਾਮ ਕੀਤਾ ਹੈ| ਉਨ੍ਹਾਂ ‘ਆਪ’ ਨੂੰ ਬੇਅਦਬੀ ਦੀਆਂ ਘਟਨਾਵਾਂ ਦਾ ਕਸੂਰਵਾਰ ਦੱਸਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਕਿਸਾਨ ਨੂੰ ਲੁੱਟਣ ਲਈ ਚੰਡੀਗੜ੍ਹ, ਲੁਧਿਆਣਾ ਅਤੇ ਤਰਨ ਤਾਰਨ ਦੀ ਜ਼ਮੀਨ ਪੂਲਿੰਗ ਕੀਤੀ ਜਾ ਰਹੀ ਹੈ| ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਥਾਂ ’ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ|
ਇਕੱਤਰਤਾ ਨੂੰ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਇਕਬਾਲ ਸਿੰਘ ਸੰਧੂ, ਗੁਰਬਚਨ ਸਿੰਘ ਕਰਮੂੰਵਾਲਾ, ਗੌਰਵ ਵਲਟੋਹਾ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਖਾਪਰਖੇੜੀ, ਸੁਰਜੀਤ ਸਿੰਘ ਪਹਿਲਵਾਨ, ਰਾਜਵਿੰਦਰ ਸਿੰਘ, ਰਣਬੀਰ ਸਿੰਘ ਰਾਣਾ ਲੋਪੋਕੇ ਅਤੇ ਗੁਰਸੇਵਕ ਸਿੰਘ ਸ਼ੇਖ ਨੇ ਵੀ ਸੰਬੋਧਨ ਕੀਤਾ|