ਰਾਜਪਾਲ ਦੇ ਭਾਸ਼ਣ ’ਤੇ ਬਹਿਸ

ਹਾਕਮ ਤੇ ਵਿਰੋਧੀ ਧਿਰ ਵੱਲੋਂ ਇੱਕ-ਦੂਜੇ ’ਤੇ ਨਿਸ਼ਾਨੇ

* ਕਾਂਗਰਸੀਆਂ ਨੇ ਸਰਕਾਰ ਵੱਲੋਂ ਕਿਸਾਨ ਘੋਲ ਦੀ ਮਦਦ ਦਾ ਕੀਤਾ ਦਾਅਵਾ * ਵਿਰੋਧੀਆਂ ਨੇ ਦਾਅਵਾ ਝੂਠਾ ਦੱਸਿਆ

ਹਾਕਮ ਤੇ ਵਿਰੋਧੀ ਧਿਰ ਵੱਲੋਂ ਇੱਕ-ਦੂਜੇ ’ਤੇ ਨਿਸ਼ਾਨੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਵਿੱਚ ਸੰਬੋਧਨ ਕਰਦੇ ਹੋਏ। -ਫੋਟੋ:ਪੰਜਾਬੀ ਟ੍ਰਿਬਿਊਨ

ਮੁੱਖ ਅੰਸ਼

  • ਵਿਧਾਇਕਾਂ ਦੀ ਗ਼ੈਰਹਾਜ਼ਰੀ ਕਾਰਨ ਥੋੜ੍ਹਾ ਸਮਾਂ ਚੱਲਿਆ ਪ੍ਰਸ਼ਨ ਕਾਲ
  • ਅਕਾਲੀ ਦਲ ’ਤੇ ਲਾਇਆ ਖੇਤੀ ਕਾਨੂੰਨਾਂ ’ਤੇ ਯੂ-ਟਰਨ ਲੈਣ ਦਾ ਦੋਸ਼

ਚਰਨਜੀਤ ਭੁੱਲਰ

ਚੰਡੀਗੜ੍ਹ, 2 ਮਾਰਚ

ਪੰਜਾਬ ਵਿਧਾਨ ਸਭਾ ’ਚ ਅੱਜ ਬਜਟ ਇਜਲਾਸ ਦੇ ਦੂਜੇ ਦਿਨ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੌਰਾਨ ਕੇਂਦਰੀ ਖੇਤੀ ਕਾਨੂੰਨਾਂ ਦਾ ਮਾਮਲਾ ਉਭਰਵੇਂ ਰੂਪ ਵਿਚ ਸਾਹਮਣੇ ਆਇਆ ਜਿਸ ਦੌਰਾਨ ਹਾਕਮ ਧਿਰ ਅਤੇ ਵਿਰੋਧੀ ਧਿਰਾਂ ਨੇ ਇੱਕ-ਦੂਸਰੇ ਨੂੰ ਨਿਸ਼ਾਨੇ ’ਤੇ ਲਿਆ। ਬਹਿਸ ਦੌਰਾਨ ਅੱਜ ਕਿਸਾਨ ਖੁਦਕੁਸ਼ੀਆਂ, ਕਰਜ਼ਾ ਮੁਆਫੀ, ਵਜ਼ੀਫਿਆਂ, ਸਿਹਤ ਬੀਮਾ ਸਕੀਮ, ਸ਼੍ਰੋਮਣੀ ਕਮੇਟੀ ਤੇ ਕੌਂਸਲ ਚੋਣਾਂ ਆਦਿ ਮੁੱਦੇ ਵੀ ਭਾਰੂ ਰਹੇ। ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਰਮਿਆਨ ਕਾਫੀ ਤਣਾਤਣੀ ਵੀ ਬਣੀ ਰਹੀ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਸ਼ਨ ਕਾਲ ਦੌਰਾਨ ਸਦਨ ਵਿਚ ਹਾਜ਼ਰ ਰਹੇ ਅਤੇ ਉਨ੍ਹਾਂ ਸੜਕਾਂ ਦੀ ਮੁਰੰਮਤ ਦੇ ਮਾਮਲੇ ’ਤੇ ‘ਆਪ’ ਵਿਧਾਇਕਾ ਰੁਪਿੰਦਰ ਰੂਬੀ ਦੇ ਸੁਆਲ ਦਾ ਜੁਆਬ ਵੀ ਦਿੱਤਾ। ਬਹੁਤੇ ਵਿਧਾਇਕਾਂ ਦੇ ਗੈਰਹਾਜ਼ਰ ਹੋਣ ਕਰਕੇ ਪ੍ਰਸ਼ਨ ਕਾਲ ਸਿਰਫ 35 ਕੁ ਮਿੰਟਾਂ ’ਚ ਖਤਮ ਹੋ ਗਿਆ।

ਦਿੱਲੀ ਪੁਲੀਸ ਵੱਲੋਂ ਗਾਜ਼ੀਪੁਰ ਹੱਦ ’ਤੇ ਸੜਕ ਦੁਬਾਰਾ ਬੰਦ ਕਰਨ ਮਗਰੋਂ ਮੰਗਲਵਾਰ ਨੂੰ ਜਾਮ ’ਚ ਫਸੇ ਵਾਹਨ। -ਫੋਟੋ: ਪੀਟੀਆਈ

ਅੱਜ ਸਦਨ ’ਚ ਵਿਧਾਇਕ ਰਾਜ ਕੁਮਾਰ ਵੇਰਕਾ ਵੱਲੋਂ ਰਾਜਪਾਲ ਦੇ ਬੀਤੇ ਦਿਨ ਦੇ ਭਾਸ਼ਣ ’ਤੇ ਧੰਨਵਾਦ ਮਤਾ ਪੇਸ਼ ਕੀਤੇ ਜਾਣ ਨਾਲ ਬਹਿਸ ਸ਼ੁਰੂ ਹੋਈ। ਡਾ. ਵੇਰਕਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਅਨਿਆਂ ਦੀ ਗੱਲ ਕਰਦੇ ਹੋਏ ਜੀਐੱਸਟੀ ਅਤੇ ਦਿਹਾਤੀ ਵਿਕਾਸ ਫੰਡਾਂ ਦੇ ਬਕਾਏ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਖੇਤੀ ਸੋਧ ਬਿੱਲ ਪਾਸ ਕਰਕੇ ਕਿਸਾਨਾਂ ਦੀ ਬਾਂਹ ਫੜੀ ਪ੍ਰੰਤੂ ਵਿਰੋਧੀਆਂ ਨੇ ਕਦੇ ਵੀ ਪੰਜਾਬ ਨਾਲ ਹੁੰਦੇ ਧੱਕੇ ਦਾ ਮਾਮਲਾ ਕੇਂਦਰ ਕੋਲ ਨਹੀਂ ਉਠਾਇਆ। ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਸ ਮੁੱਦੇ ’ਤੇ ਸੰਸਦ ਵਿਚ ਵੀ ਮੂੰਹ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਜਾਬ ’ਚ ਬੀਤੇ ਦਸ ਸਾਲ ਰਾਜ ਕੀਤਾ, ਉਨ੍ਹਾਂ ਕੇਂਦਰੀ ਖੇਤੀ ਕਾਨੂੰਨਾਂ ’ਦੇ ਮਾਮਲੇ ’ਤੇ ਯੂ-ਟਰਨ ਲਿਆ। ਵਿਰੋਧੀ ਧਿਰ ਵੱਲੋਂ ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਘੋਲ ਦੌਰਾਨ ਕਿਸਾਨਾਂ ਦੀ ਬਾਂਹ ਨਹੀਂ ਫੜੀ ਬਲਕਿ ਬਾਂਹ ਮਰੋੜੀ ਹੈ। ਪਰਾਲੀ ਤੋਂ ਅੱਗ ਲਾਉਣ ਤੋਂ ਪ੍ਰਹੇਜ਼ ਕਰਨ ਵਾਲੇ ਕਿਸਾਨਾਂ ਨੂੰ ਅੱਜ ਤੱਕ ਸਰਕਾਰ ਨੇ ਕੋਈ ਰਾਸ਼ੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਰਾਜਪਾਲ ਦੇ ਭਾਸ਼ਣ ’ਤੇ ‘ਅੱਗਾ ਦੌੜ, ਪਿੱਛਾ ਚੌੜ’ ਕਹਾਵਤ ਪੂਰੀ ਢੁੱਕਦੀ ਹੈ। ਖੇਤ ਮਜ਼ਦੂਰਾਂ ਨਾਲ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਬੁੱਢੇ ਨਾਲੇ ਸਮੇਤ ਦਰਿਆਵਾਂ ਵਿਚ ਪੈਂਦੇ ਦੂਸ਼ਿਤ ਪਾਣੀਆਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਪ੍ਰਸ਼ਾਂਤ ਕਿਸ਼ੋਰ ਦਾ ਜ਼ਿਕਰ ਕਰਦਿਆਂ ਆਖਿਆ ਕਿ ਗੁਟਕਾ ਸਾਹਿਬ ਦੀ ਸਹੁੰ ਚੁਕਾਉਣ ਵਾਲੇ ਨੂੰ ਸਰਕਾਰ ਨੇ ਰੁਜ਼ਗਾਰ ਦੇ ਦਿੱਤਾ ਹੈ। ਉਨ੍ਹਾਂ ਦਿੱਲੀ ਦੀ ‘ਆਪ’ ਸਰਕਾਰ ਦੀ ਪ੍ਰਸ਼ੰਸਾ ਕੀਤੀ। ਸ਼੍ਰੋਮਣੀਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਮੁੱਖ ਮੰਤਰੀ ਨੇ ਕਦੇ ਵੀ ਪ੍ਰਧਾਨ ਮੰਤਰੀ ਤੋਂ ਸਮਾਂ ਲੈ ਕੇ ਪੱਖ ਨਹੀਂ ਰੱਖਿਆ ਜਦਕਿ ਕੇਂਦਰੀ ਉੱਚ ਤਾਕਤੀ ਕਮੇਟੀ ਦੇ ਮੁੱਖ ਮੰਤਰੀ ਮੈਂਬਰ ਵੀ ਸਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਖ਼ਬਰਾਂ ਲਵਾਉਣ ਲਈ ਮੁੱਖ ਮੰਤਰੀ ਜੇਬ ਵਿੱਚ ਅਸਤੀਫਾ ਰੱਖਦੇ ਹਨ ਅਤੇ ਕੁਲਜੀਤ ਨਾਗਰਾ ਅਸਤੀਫਾ ਦਿੰਦੇ ਹਨ। ਸਰਕਾਰ ਨੇ ਸਹੁੰ ਖਾ ਕੇ ਵੀ ਵਾਅਦੇ ਪੂਰੇ ਨਹੀਂ ਕੀਤੇ ਤੇ ਅੱਜ ਵੀ ਕਿਸਾਨਾਂ ਨੂੰ ਨੋਟਿਸ ਮਿਲ ਰਹੇ ਹਨ। ਉਨ੍ਹਾਂ ‘ਆਪ’ ’ਤੇ ਤਨਜ਼ ਕਸਦੇ ਹੋਏ ਕਿਹਾ ਕਿ ‘ਪੰਜਾਬ ਵਾਲੇ ਦਿੱਲੀ ਅੰਨ ਭੇਜਦੇ ਹਨ, ਨਾ ਕਿ ਧੂੰਆਂ।’ ਇਸ ਦਾ ਵਿਰੋਧ ਕਰਦਿਆਂ ‘ਆਪ’ ਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ’ਚ ਚੱਲ ਰਹੇ ਕਿਸਾਨ ਘੋਲ ਦੀ ਮਦਦ ’ਚ ਦਿੱਲੀ ਸਰਕਾਰ ਨੇ ਪਾਣੀ ਆਦਿ ਦੇ ਪ੍ਰਬੰਧ ਕੀਤੇ ਹਨ। ਧੰਨਵਾਦ ਮਤੇ ਦੀ ਪ੍ਰੋੜਤਾ ਕਰਦਿਆਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਘੋਲ ਦੀ ਪੂਰਨ ਮਦਦ ਕੀਤੀ ਜਦਕਿ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਕੇਂਦਰੀ ਖੇਤੀ ਆਰਡੀਨੈਸਾਂ ਦੀ ਵਕਾਲਤ ਕਰਦਾ ਰਿਹਾ ਹੈ। ਉਨ੍ਹਾਂ ਕੇਂਦਰ ਵੱਲੋਂ ਦਿਹਾਤੀ ਵਿਕਾਸ ਫੰਡ ਰੋਕੇ ਜਾਣ ਦੀ ਗੱਲ ਵੀ ਰੱਖੀ। ਵਿਧਾਇਕ ਕੁਲਜੀਤ ਨਾਗਰਾ ਨੇ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕੇਂਦਰੀ ਮਹਿਲਾ ਮੰਤਰੀ ਨੇ ਉਸ ਵੇਲੇ ਕੇਂਦਰੀ ਕੈਬਨਿਟ ਵਿਚ ਖੇਤੀ ਬਿੱਲਾਂ ’ਤੇ ਵਿਰੋਧ ਦਰਜ ਨਹੀਂ ਕਰਾਇਆ ਜਿਸ ਕਰਕੇ ਲੋਕਾਂ ਨੇ ਇਨ੍ਹਾਂ ਦਾ ਪੰਜਾਬ ’ਚ ਦਾਖਲਾ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ  ਸਰਕਾਰ ਨੇ ਕਿਸਾਨ ਘੋਲ ਦੌਰਾਨ ਕਿਸਾਨਾਂ ਦੀ ਹਰ ਗੱਲ ਮੰਨੀ ਅਤੇ ਖੁਦ ਉਹ ਦਿੱਲੀ ਮੋਰਚਾ  ਵਿਚ ਕਈ ਦਫਾ ਜਾ ਆਏ ਹਨ। ਨਾਗਰਾ ਨੇ ਕਿਹਾ ਕਿ ਅੱਜ ਵੀ ਉਹ ਸਪੀਕਰ ਨੂੰ ਅਪੀਲ ਕਰਦੇ ਹਨ  ਕਿ ਉਸ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤਾ ਅਸਤੀਫਾ ਪ੍ਰਵਾਨ ਕਰਨ। ‘ਆਪ’ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਕਾਂਗਰਸ ਵੀ ਉਨੀ ਹੀ ਦੋਸ਼ੀ ਹੈ ਜਿੰਨੀ ਭਾਜਪਾ ਕਿਉਂਕਿ ਮੁੱਖ ਮੰਤਰੀ ਉੱਚ ਤਾਕਤੀ ਕਮੇਟੀ ਦੇ ਮੈਂਬਰ ਸਨ। ਅਕਾਲੀ ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ ਹਰਸਿਮਰਤ ਕੌਰ ਬਾਦਲ ਨੇ ਬਤੌਰ ਕੇਂਦਰੀ ਮੰਤਰੀ ਖੇਤੀ ਬਿੱਲਾਂ ਦੇ ਮਾਮਲੇ ’ਤੇ ਕੈਬਨਿਟ ਵਿੱਚ ਵਿਰੋਧ ਦਰਜ ਕਰਾਇਆ ਸੀ। ਉਨ੍ਹਾਂ ਇੱਥੋਂ ਤੱਕ ਆਖਿਆ ਕਿ ਜੇਕਰ ਵਿਰੋਧ ਦਰਜ ਕਰਾਏ ਜਾਣ ਦੀ ਗੱਲ ਝੂਠੀ ਨਿਕਲੀ ਤਾਂ ਸਾਰੇ ਅਕਾਲੀ ਵਿਧਾਇਕ ਅਸਤੀਫੇ ਦੇ ਦੇਣਗੇ। ਵਿਧਾਇਕ ਗੁਰਕੀਰਤ ਕੋਟਲੀ ਨੇ ਬਹਿਸ ਵਿਚ ਹਿੱਸਾ ਲੈਂਦਿਆ ਕਿਹਾ ਕਿ ਕੌਂਸਲ ਚੋਣਾਂ ਮਗਰੋਂ ਹੁਣ ਵਿਰੋਧੀ ਧਿਰਾਂ ਦੂਜੇ ਨੰਬਰ ਦੀ ਲੜਾਈ ਲੜ ਰਹੀਆਂ ਹਨ ਅਤੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ‘ਵਾਪਸ ਜਾਓ’ ਆਖ ਦਿੱਤਾ ਹੈ। ਵਿਸ਼ੇਸ਼ ਅਧਿਕਾਰ ਕਮੇਟੀ ਦੇ ਸਭਾਪਤੀ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਦਨ ਵਿਚ ਵਿਸ਼ੇਸ਼ ਅਧਿਕਾਰਾਂ ਦੇ ਮਾਮਲੇ ’ਤੇ ਰਿਪੋਰਟ ਪੇਸ਼ ਕਰਨ ਲਈ ਸਮਾਂ 31 ਮਾਰਚ ਤੱਕ ਵਧਣ ਦੀ ਗੱਲ ਰੱਖਦਿਆਂ ਆਪਣੀ ਰਿਪੋਰਟ ਪੇਸ਼ ਕਰਨ ਤੋਂ ਅਸਮਰੱਥਾ ਜ਼ਾਹਿਰ ਕੀਤੀ।

ਵਿਧਾਨ ਸਭਾ ’ਚ ਸ਼੍ਰੋਮਣੀ ਕਮੇਟੀ ਚੋਣਾਂ ਦੀ ਗੂੰਜ

ਚੰਡੀਗੜ੍ਹ (ਟਨਸ): ਬਜਟ ਇਜਲਾਸ ’ਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮਸਲਾ ਵੀ ਗੂੰਜਿਆ। ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਬਹਿਸ ਦੌਰਾਨ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪੰਜ ਸਾਲ ਕਾਰਜਕਾਲ ਪੂਰਾ ਹੋ ਚੁੱਕਾ ਹੈ ਅਤੇ ਸ਼੍ਰੋਮਣੀ ਕਮੇਟੀ ਵਿਚ ਮਨਮਾਨੀਆਂ ਹੋ ਰਹੀਆਂ ਹਨ। ਗਿੱਲ ਨੇ ਹਾਊਸ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਾਉਣ ਲਈ ਮਤਾ ਪਾਸ ਕੀਤਾ ਜਾਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ’ਚ ਸਿਖਰਲੇ ਪੱਧਰ ’ਤੇ ਹੋਈ ਭਰਤੀ ਦਾ ਮਾਮਲਾ ਵੀ ਉਠਾਇਆ। ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਆਪਸ ਵਿਚ ਰਲੇ ਹੋਏ ਹਨ ਜਿਸ ਕਰਕੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਤਾਂ ਕਮਿਸ਼ਨਰ ਲਗਾ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਹਾਲੇ ਤੱਕ ਕਮਿਸ਼ਨਰ ਨੂੰ ਕੋਈ ਜਗ੍ਹਾ ਅਤੇ ਸਟਾਫ ਨਹੀਂ ਦਿੱਤਾ। ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਨੇ ਆਖਿਆ ਕਿ ਇਸ ਮਾਮਲੇ ’ਤੇ ਨੂਰਾ ਕੁਸ਼ਤੀ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕਮਿਸ਼ਨਰ (ਗੁਰਦੁਆਰਾ ਚੋਣਾਂ) ਨੂੰ ਦਫਤਰ ਤੇ ਸਟਾਫ ਨਹੀਂ ਦਿੱਤਾ ਗਿਆ। ਇਸ ਤੋਂ ਪਹਿਲਾਂ ਜਦੋਂ ਗਿੱਲ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਨਾਮ ਲਿਆ ਤਾਂ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਇਸ ਦਾ ਵਿਰੋਧ ਕੀਤਾ।

ਮਜੀਠੀਆ ਤੇ ਹਰਮਿੰਦਰ ਗਿੱਲ ਵਿਚਾਲੇ ਨਿੱਜੀ ਦੂਸ਼ਣਬਾਜ਼ੀ

ਚੰਡੀਗੜ੍ਹ (ਟਨਸ): ਬਜਟ ਇਜਲਾਸ ਦੇ ਦੂਜੇ ਦਿਨ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੌਰਾਨ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਇੱਕ-ਦੂਸਰੇ ਖਿਲਾਫ ਨੀਵੇਂ ਦਰਜੇ ਦੀ ਸ਼ਬਦਾਵਾਲੀ ਦੀ ਵਰਤੋਂ ਕੀਤੀ। ਦੋਹਾਂ ਵਿਧਾਇਕਾਂ ਦੀ ਝੜਪ ਦੌਰਾਨ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਵੀ ਵਿਧਾਇਕ ਗਿੱਲ ਦੀ ਹਮਾਇਤ ’ਚ ਬੋਲੇ। ਮਾਮਲਾ ਉਦੋਂ ਤੂਲ ਫੜਨ ਲੱਗਾ ਜਦੋਂ ਅਕਾਲੀ ਵਿਧਾਇਕ ਹਰਪ੍ਰਤਾਪ ਸਿੰਘ ਵਡਾਲਾ ਨੇ ਬਹਿਸ ਦੌਰਾਨ ਆਖਿਆ ਕਿ ਪੰਜਾਬ ਸਰਕਾਰ ਨੇ ਨਨਕਾਣਾ ਸਾਹਿਬ ਸਾਕੇ ਬਾਰੇ ਕੋਈ ਸਮਾਗਮ ਨਹੀਂ ਕੀਤਾ। ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡ ਧੀਰੋਵਾਲੀ ਵਿਚ ਵੱਡਾ ਸਮਾਗਮ ਕੀਤਾ ਗਿਆ ਸੀ। ਇਸੇ ਦੌਰਾਨ ਗਿੱਲ ਨੇ ਮਜੀਠੀਆ ਦੇ ਪੁਰਖਿਆਂ ’ਤੇ ਹਮਲਾ ਕਰ ਦਿੱਤਾ ਜਿਸ ਮਗਰੋਂ ਮਜੀਠੀਆ ਤੈਸ਼ ਵਿਚ ਆ ਗਏ ਤੇ ਉਨ੍ਹਾਂ ਗਿੱਲ ਲਈ ਭੈੜਾ ਲਕਬ ਦਿੱਤਾ। ਅੱਗਿਓਂ ਵਿਧਾਇਕ ਗਿੱਲ ਨੇ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ ਇਨ੍ਹਾਂ ਲੋਕਾਂ ਨੂੰ ਯੂਪੀ ’ਚ ਜਗੀਰਾਂ ਮਿਲੀਆਂ ਸਨ। ਇਸ ਪਿੱਛੋਂ ਸਦਨ ਵਿਚ ਮਾਹੌਲ ਗਰਮਾ ਗਿਆ। ਮਜੀਠੀਆ ਸਮੇਤ ਸਾਰੇ ਅਕਾਲੀ ਵਿਧਾਇਕ ਹਾਕਮ ਧਿਰ ’ਤੇ ਹੱਲਾ ਬੋਲਣ ਲੱਗੇ। ਮਜੀਠੀਆ ਨੇ ਗਿੱਲ ਦੇ ਪਿਛੋਕੜ ਨੂੰ ਲੈ ਕੇ ਵਿਸਥਾਰ ਦੇਣਾ ਸ਼ੁਰੂ ਕਰ ਦਿੱਤਾ ਜਦਕਿ ਗਿੱਲ ਨੇ ਮੋੜਵੇਂ ਰੂਪ ਵਿਚ ਕਿਹਾ ਕਿ ਅੰਗਰਜ਼ਾਂ ਅਤੇ ਨਰੈਣੂ ਮਹੰਤ ਦੇ ਹਮਾਇਤੀਆਂ ਨੂੰ ਸਭ ਜਾਣਦੇ ਨੇ। ਇਸ ਮੌਕੇ ਸਪੀਕਰ ਨੇ ਵਰਜਿਆ ਕਿ ਨਿੱਜੀ ਹਮਲਿਆਂ ਤੋਂ ਗੁਰੇਜ਼ ਕੀਤਾ ਜਾਵੇ। ਮੰਤਰੀ ਸੁੱਖੀ ਰੰਧਾਵਾ ਸੀਟ ’ਤੇ ਬੈਠੇ ਵੀ ਘੁਰਕੀਆਂ ਲੈਂਦੇ ਰਹੇ।

ਅਸਤੀਫ਼ਾ ਵਿਵਾਦ: ਵਿਰੋਧੀ ਧਿਰਾਂ ਨੇ ਸਪੀਕਰ ’ਤੇ ਸੁਆਲ ਉਠਾਏ

ਚੰਡੀਗੜ੍ਹ: ਵਿਰੋਧੀ ਧਿਰਾਂ ਨੇ ਵਿਧਾਇਕਾਂ ਦੇ ਅਸਤੀਫ਼ਿਆਂ ਸਬੰਧੀ ਸਪੀਕਰ ’ਤੇ ਵੀ ਸੁਆਲ ਖੜ੍ਹੇ ਕੀਤੇ। ਵਿਧਾਇਕ ਕੰਵਰ ਸੰਧੂ ਨੇ ਸਦਨ ਦੀ ਮਰਿਆਦਾ ਸਬੰਧੀ ਆਪਣਾ ਨਜ਼ਰੀਆ ਪੇਸ਼ ਕੀਤਾ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੁਝ ਵਿਧਾਇਕਾਂ ਨੇ ਕਥਿਤ ਸੌਦੇਬਾਜ਼ੀ ਕਰ ਕੇ ਦਲ ਬਦਲੇ ਹਨ ਤੇ ਆਪਣੀਆਂ ਪਾਰਟੀਆਂ ਛੱਡ ਕੇ ਅਸਤੀਫ਼ੇ ਦਿੱਤੇ ਹਨ। ਉਨ੍ਹਾਂ ਆਖਿਆ, ‘ਤੁਹਾਡੇ (ਸਪੀਕਰ) ਤਿੰਨ ਚਾਰ ਵਿਧਾਇਕ ਤਾਂ ਖ਼ਾਸ ਹਨ।’ ਉਨ੍ਹਾਂ ਕਿਹਾ ਕਿ ਇਨ੍ਹਾਂ ਅਸਤੀਫ਼ਿਆਂ ’ਤੇ ਅੱਜ ਤਕ ਕੋਈ ਫ਼ੈਸਲਾ ਨਹੀਂ ਲਿਆ ਗਿਆ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਪਾਰਟੀ ਛੱਡ ਕੇ ਬਾਗ਼ੀ ਹੋ ਗਏ ਸਨ, ਉਨ੍ਹਾਂ ਨੂੰ ‘ਆਪ’ ਤਰਫ਼ੋਂ ਅਯੋਗ ਕਰਾਰ ਦੇਣ ਲਈ ਲਿਖਿਆ ਗਿਆ ਪਰ ਅੱਜ ਤਕ ਲੁਕਣਮੀਚੀ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਗ਼ੀਆਂ ਨੂੰ ਕਿਉਂ ਬਚਾਇਆ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਇਹ ਸੰਵਿਧਾਨ ਦੀ ਘੋਰ ਉਲੰਘਣਾ ਹੈ। ਜੁਆਬ ਵਿੱਚ ਸਪੀਕਰ ਨੇ ਕਿਹਾ ਕਿ ਸਭ ਕੁਝ ਕਾਨੂੰਨ ਮੁਤਾਬਕ ਹੁੰਦਾ ਹੈ ਅਤੇ ਇਹ ਸਪੀਕਰ ਦੀ ਤਸੱਲੀ ਦਾ ਮਸਲਾ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਕੋਈ ਵੀ ਅਦਾਲਤ ਜਾ ਸਕਦਾ ਹੈ। 

ਮੌਨਸੂਨ ਸੈਸ਼ਨ ਤੱਕ ਡਿਜੀਟਲ ਹੋਏਗੀ ਵਿਧਾਨ ਸਭਾ: ਸਪੀਕਰ

ਚੰਡੀਗੜ੍ਹ (ਟਨਸ): ਵਿਧਾਨ ਸਭਾ ਦੇ ਸਪੀਕਰ ਨੇ ਅੱਜ ਸਦਨ ’ਚ ਜਾਣਕਾਰੀ ਸਾਂਝੀ ਕੀਤੀ ਕਿ ਅਗਲੇ ਮੌਨਸੂਨ ਸੈਸ਼ਨ ਤੱਕ ਵਿਧਾਨ ਸਭਾ ਸਕੱਤਰੇਤ ਪੂਰੀ ਤਰ੍ਹਾਂ ਡਿਜੀਟਲ ਹੋ ਜਾਵੇਗਾ ਅਤੇ ਅਗਲੇ ਸੈਸ਼ਨ ਦੀ ਕਾਰਵਾਈ ਪੇਪਰਲੈੱਸ ਹੋਵੇਗੀ। ਉਨ੍ਹਾਂ ਦੱਸਿਆ ਕਿ ਈ-ਵਿਧਾਨ ਸਭਾ ਦਾ ਪ੍ਰਾਜੈਕਟ ਕਰੀਬ 12.31 ਕਰੋੜ ਦਾ ਹੈ ਜਿਸ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ 60:40 ਦੀ ਹਿੱਸੇਦਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸਦਨ ਦੇ ਮੈਂਬਰਾਂ ਅੱਗੇ ਟੱਚ ਸਕਰੀਨ ਲੱਗੇਗੀ ਅਤੇ ਸਕੱਤਰੇਤ ਵਾਈਫਾਈ ਹੋਵੇਗਾ।

ਬਜਟ ਚੁਸਕੀਆਂ !

  • ਮੁੱਖ ਮੰਤਰੀ ਪ੍ਰਸ਼ਨ ਕਾਲ ਦੌਰਾਨ ਆਪਣੇ ਸੁਆਲ ਦਾ ਜੁਆਬ ਦੇਣ ਤੋਂ ਕੁਝ ਸਮੇਂ ਮਗਰੋਂ ਹੀ ਚਲੇ ਗਏ।
  • ਵਿਧਾਇਕ ਕੁਲਤਾਰ ਸੰਧਵਾਂ ਨੇ ਸਦਨ ਵਿੱਚੋਂ ਅਫ਼ਸਰਾਂ ਦੀ ਗ਼ੈਰਹਾਜ਼ਰੀ ਦਾ ਮਾਮਲਾ ਉਠਾਇਆ। ਸਪੀਕਰ ਨੇ ਇਸ ਪਿੱਛੇ ਕੋਵਿਡ ਦਾ ਤਰਕ ਦਿੱਤਾ।
  • ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਇਕੱਠੇ ਸਦਨ ਵਿਚ ਆਏ ਅਤੇ ਇਕੱਠਿਆਂ ਹੀ ਵਾਪਸ ਗਏ।
  • ਸਪੀਕਰ ਨੇ ਅੱਜ ਵਿਧਾਇਕ ਰਣਦੀਪ ਸਿੰਘ ਨੂੰ ਜਦੋਂ ਰਣਦੀਪ ਸਿੰਘ ਸੁਰਜੇਵਾਲਾ ਕਿਹਾ ਤਾਂ ਸਾਰੇ ਹੱਸ ਪਏ।
  • ਸਪੀਕਰ ਨੇ ਸਦਨ ਵਿੱਚ ਸ਼ੁਰੂਆਤ ’ਚ ਹੀ ਵਿਧਾਇਕਾਂ ਨੂੰ ਕੋਵਿਡ ਕਰਕੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਪਰ ਵਿਧਾਇਕ ਵਾਰ-ਵਾਰ ਇੱਕ-ਦੂਜੇ ਕੋਲ ਜਾ ਕੇ ਬੈਠਦੇ ਰਹੇ।
  • ਵਿਧਾਇਕ ਕੰਵਰ ਸੰਧੂ ਨੇ ਬੇਭਰੋਸਗੀ ਦੀ ਗੱਲ ਕਰਦਿਆਂ ਆਖਿਆ ਕਿ ਵਿਧਾਇਕਾਂ ਨੂੰ ਸੀਟਾਂ ’ਤੇ ਪਾਣੀ ਦੀਆਂ ਬੋਤਲਾਂ ਇਸ ਕਰਕੇ ਨਹੀਂ ਦਿੱਤੀਆਂ ਜਾਂਦੀਆਂ ਕਿ ਕਿਤੇ ਉਹ ਬੋਤਲਾਂ ਹੀ ਵਗਾਹ ਕੇ ਨਾ ਮਾਰਨ।
  • ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਜਦੋਂ ਨਸ਼ਿਆਂ ਦੀ ਗੱਲ ਹੁੰਦੀ ਹੈ ਤਾਂ ਅਕਾਲੀਆਂ ਨੂੰ ਚੰਗਿਆੜੇ ਮੱਚਣ ਲੱਗ ਜਾਂਦੇ ਨੇ। ਉਨ੍ਹਾਂ ਕਿਹਾ ਕਿ ਸੁੁਣਨ ਦੀ ਹਿੰਮਤ ਵੀ ਰੱਖੋ।
  • ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਹਰਮਿੰਦਰ ਗਿੱਲ ’ਤੇ ਤਨਜ਼ ਕੱਸਦਿਆਂ ਕਿਹਾ ਕਿ ਇਸ ਵਿਧਾਇਕ (ਗਿੱਲ) ਨੂੰ ਕੋਈ ਐੱਸਐੱਚਓ ਫ਼ਤਹਿ ਨਾ ਬੁਲਾਵੇ ਤਾਂ ਗੁੱਸਾ ਕਰ ਜਾਂਦੇ ਨੇ।
  • ਇੱਕ ‘ਆਪ’ ਵਿਧਾਇਕ ਨੇ ਖਣਨ ਦੀ ਗੱਲ ਕਰਦਿਆਂ ਚੁਟਕੀ ਲਈ ਕਿ ‘ਮੁੱਖ ਮੰਤਰੀ ਹੈਲੀਕਾਪਟਰ ’ਚ ਉੱਪਰੋਂ ਮਾਈਨਿੰਗ ਦਾ ਜਾਇਜ਼ਾ ਲੈ ਕੇ ਦੇਖਦੇ ਹਨ ਕਿ ਕਿਤੇ ਮਾਈਨਿੰਗ ਘੱਟ ਤਾਂ ਨਹੀਂ ਹੋ ਰਹੀ।’
  • ਇੱਕ ਅਕਾਲੀ ਵਿਧਾਇਕ ਨੇ ਕਿਹਾ ਕਿ ਸਹੁੰ ਖਾਣਾ ਸਿਆਸੀ ਮਾਹੌਲ ਦਾ ਹੇਠਲਾ ਪੱਧਰ ਹੈ। ਕੋਈ ਗੁਟਕਾ ਸਾਹਿਬ ਫੜ ਕੇ ਝੂਠੀ ਸਹੁੰ ਖਾ ਗਿਆ ਅਤੇ ਕੋਈ ਆਪਣੀ ਮਾਤਾ ਨੂੰ ਸਟੇਜ ’ਤੇ ਚੜ੍ਹਾ ਕੇ ਝੂਠੀ ਸਹੁੰ ਖਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All