ਟਾਰਗੇਟ ਕਿਲਿੰਗ ਦੀ ਕੋਸ਼ਿਸ਼ ਨਾਕਾਮ; ਦੁਬਈ ਤੋਂ ਪਰਤੇ ਦੋ ਵਿਅਕਤੀ ਦੋ ਪਿਸਤੌਲਾਂ ਸਣੇ ਗ੍ਰਿਫ਼ਤਾਰ
ਅਸਲਾ ਐਕਟ ਅਤੇ ਹੋਰ ਸਬੰਧਤ ਧਰਾਵਾਂ ਤਹਿਤ ਮਾਮਲਾ ਦਰਜ
ਪੰਜਾਬ ਪੁਲੀਸ ਦੀ 'ਕਾਊਂਟਰ ਇੰਟੈਲੀਜੈਂਸ' ਸ਼ਾਖਾ ਨੇ ਪਠਾਨਕੋਟ ਵਿੱਚ ਵਿਦੇਸ਼ੀ ਹੈਂਡਲਰ ਦੇ ਦੋ ਕਥਿਤ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਹਾਲ ਹੀ ਵਿੱਚ ਇੱਕ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਦੁਬਈ ਤੋਂ ਪੰਜਾਬ ਪਰਤੇ ਸਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਦੋ ਅਤਿ-ਆਧੁਨਿਕ .30 ਬੋਰ ਦੀਆਂ ਪਿਸਤੌਲਾਂ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਹਨ।
ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦੀ ਪਛਾਣ ਬਟਾਲਾ ਦੇ ਢਿਲਵਾਂ ਨਿਵਾਸੀ ਰਵਿੰਦਰ ਸਿੰਘ ਉਰਫ਼ ਢਿੱਲੋਂ ਅਤੇ ਗੁਰਦਾਸਪੁਰ ਦੇ ਪਿੰਡ ਬਾਲ ਨਿਵਾਸੀ ਜਸਨਪ੍ਰੀਤ ਸਿੰਘ ਵਜੋਂ ਹੋਈ ਹੈ।
ਪੁਲੀਸ ਨੇ ਉਸ ਮੋਟਰਸਾਈਕਲ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ 'ਤੇ ਦੋਵੇਂ ਸਵਾਰ ਸਨ। ਅਧਿਕਾਰੀਆਂ ਅਨੁਸਾਰ, ਵਾਹਨ 'ਤੇ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਸੀ।
ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਲਜ਼ਮ ਵਿਦੇਸ਼ੀ ਹੈਂਡਲਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ ਅਤੇ ਸੌਂਪੇ ਗਏ ਕੰਮ ਨੂੰ ਅੰਜਾਮ ਦੇਣ ਲਈ ਹਾਲ ਹੀ ਵਿੱਚ ਦੁਬਈ ਤੋਂ ਆਏ ਸਨ।
ਅੰਮ੍ਰਿਤਸਰ ਦੇ 'ਸਟੇਟ ਸਪੈਸ਼ਲ ਅਪਰੇਸ਼ਨ ਸੈੱਲ' (ਐੱਸ ਐੱਸ ਓ ਸੀ) ਪੁਲੀਸ ਸਟੇਸ਼ਨ ਵਿੱਚ ਅਸਲਾ ਐਕਟ ਅਤੇ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

