ਦਵਿੰਦਰ ਪਾਲ/ਮਿਹਰ ਸਿੰਘ
ਚੰਡੀਗੜ੍ਹ/ਕੁਰਾਲੀ, 8 ਮਈ
ਪੰਜਾਬ ਪੁਲੀਸ ਨੇ ਅੱਜ ਗੈਂਗਸਟਰ ਗੈਵੀ ਸਿੰਘ ਉਰਫ ਗਿਆਨੀ ਦੇ ਪੰਜ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਕਰਨਬੀਰ ਸਿੰਘ ਵਾਸੀ ਪਿੰਡ ਅਕਬਰਪੁਰਾ, ਹਰਮਨਜੀਤ ਸਿੰਘ ਵਾਸੀ ਪਿੰਡ ਜੋਹਲਾ, ਗੁਰਜਸਪ੍ਰੀਤ ਸਿੰਘ ਵਾਸੀ ਪਿੰਡ ਬਠਲ ਭਾਈ ਕੇ ਅਤੇ ਰਵਿੰਦਰ ਇਕਬਾਲ ਸਿੰਘ ਵਾਸੀ ਹੰਸਲਾਵਾਲਾ ਅਤੇ ਸੈਮੂਅਲ ਉਰਫ਼ ਸੈਮ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਗੈਂਗਸਟਰ ਜੈਪਾਲ ਦੇ ਕਰੀਬੀ ਗੈਵੀ ਸਿੰਘ ਉਰਫ ਗਿਆਨੀ ਨੂੰ ਪੁਲੀਸ ਨੇ 26 ਅਪਰੈਲ ਨੂੰ ਝਾਰਖੰਡ ਤੋਂ ਗ੍ਰਿਫ਼ਤਾਰ ਕੀਤਾ ਸੀ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲੀਸ ਨੇ ਖਰੜ ਵਿੱਚ ਗੈਵੀ ਦੇ ਫਲੈਟ ਤੋਂ 1.25 ਕਿਲੋ ਹੈਰੋਇਨ, ਤਿੰਨ ਗੱਡੀਆਂ ਅਤੇ ਵੱਖ-ਵੱਖ ਟਿਕਾਣਿਆਂ ਤੋਂ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਮਸ਼ੇਦਪੁਰ ਵਿੱਚ ਗੈਵੀ ਨਾਲ ਰਹਿੰਦਾ ਸੈਮੂਅਲ, ਗੈਵੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਦਿੱਲੀ ਚਲਾ ਗਿਆ ਸੀ। ਉਹ ਪਾਕਿਸਤਾਨ ਤੋਂ ਲਿਆਂਦੀ ਹੈਰੋਇਨ ਵੰਡਣ ਦਾ ਕੰਮ ਕਰਦਾ ਸੀ। ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਗੈਵੀ ਨੇ ਖੁਲਾਸਾ ਕੀਤਾ ਕਿ ਹੈ ਕਿ ਪਿਛਲੇ ਢਾਈ ਸਾਲਾਂ ਦੌਰਾਨ ਉਸ ਨੇ ਪਾਕਿਸਤਾਨ ਤੋਂ ਹਥਿਆਰਾਂ ਸਮੇਤ 500 ਕਿਲੋ ਤੋਂ ਵੱਧ ਹੈਰੋਇਨ ਦੀ ਤਸਕਰੀ ਕੀਤੀ ਹੈ। ਉਸ ਵੱਲੋਂ ਹਵਾਲਾ ਰੂਟ ਜਾਂ ਨਵੀਂ ਦਿੱਲੀ ਸਥਿਤ ਆਯਾਤ/ਨਿਰਯਾਤ ਕੰਪਨੀਆਂ ਰਾਹੀਂ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਸਥਿਤ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਵੱਡੀ ਗਿਣਤੀ ਵਿੱਚ ਵਿੱਤੀ ਲੈਣ-ਦੇਣ ਵੀ ਕੀਤਾ ਜਾਂਦਾ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਹੁਣ ਪੁਰਤਗਾਲ ਜਾਣ ਦੀ ਯੋਜਨਾ ਬਣਾ ਰਿਹਾ ਸੀ। ਡੀਜੀਪੀ ਨੇ ਦੱਸਿਆ ਕਿ ਗੈਂਗਸਟਰ ਗੈਵੀ ਦੇ ਹੋਰ ਸਾਥੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅਦਾਲਤ ’ਚ ਪੇਸ਼ੀ ਅੱਜ
ਸਥਾਨਕ ਥਾਣਾ ਸਦਰ ਦੇ ਮੁਖੀ ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਕਾਬੂ ਕੀਤੇ ਗੈਂਗਸਟਰਾਂ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।